|
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੰਪੂਰਨਤਾ ਦਿਵਸ
Date: Aug 30, 2010
ਮੁਕਤਸਰ ਦੀ ਜੰਗ ਜਿੱਤੇ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਧਰਤੀ ਸਾਬੋ ਕੀ ਤਲਵੰਡੀ ਵਿਖੇ ਮੁਬਾਰਕ ਚਰਨ ਪਾਏ ਅਤੇ ਆਪਣਾ ਕਮਰ ਕੱਸਾ ਖੋਲ੍ਹਿਆ। ਇਸ ਅਸਥਾਨ ਦਾ ਨਾਂ ਦਮਦਮਾ ਸਾਹਿਬ ਪ੍ਰਸਿੱਧ ਹੋ ਗਿਆ। ਮਾਲਵੇ ਦੀ ਧਰਤੀ ਤੋਂ ਗੁਰੂ ਸਾਹਿਬ ਨੇ ਬੇਅੰਤ ਵਰ ਦਿੱਤੇ। ਭਾਈ ਡੱਲੇ ਸਮੇਤ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਉਤਾਰੇ ਕਰਨ ਲਈ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਧੀਰ ਮਲ ਕੋਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਗਿਆ ਪਰ ਧੀਰ ਮਲ ਨੇ ਮਿਹਣਾ ਦਿੱਤਾ ਕਿ ਜੇ ਗੁਰੂ ਅਖਵਾਉਂਦੇ ਹੋ ਤਾਂ ਬਾਣੀ ਕੰਠ ਤੋਂ ਉਚਾਰਨ ਕਰ ਲਵੋ। ਧੀਰ ਮਲ ਦਾ ਅਖੜ ਵਤੀਰਾ ਵੇਖ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮੁੱਚੀ ਬਾਣੀ ਆਪਣੇ ਕੰਠ ਤੋਂ ਉਚਾਰੀ ਅਤੇ ਭਾਈ ਮਨੀ ਸਿੰਘ ਜੀ ਦੇ ਕੋਲੋਂ ਲਿਖਵਾਈ ਗੁਰੂ ਸਾਹਿਬ ਜੀ ਨੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ।
ਦਸ਼ਮੇਸ਼ ਪਿਤਾ ਨੇ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਕੇ ਅਤੇ ਸਾਰੀ ਬਾਣੀ ਦੇ ਅਰਥ ਸੰਗਤਾਂ ਨੂੰ ਸੁਣਾ ਕੇ ਮਨੁੱਖੀ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕੀਤਾ। ਬਾਬਾ ਦੀਪ ਸਿੰਘ ਜੀ ਨੂੰ ਗ੍ਰੰਥੀ ਥਾਪਿਆ ਬਾਬਾ ਦੀਪ ਸਿੰਘ ਜੀ ਨੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਉਤਾਰੇ ਕੀਤੇ।
ਦਮਦਮਾ ਸਾਹਿਬ ਵਿਖੇ ਗੁਰਬਾਣੀ ਦੀ ਟਕਸਾਲ ਸ਼ੁਰੂ ਕੀਤੀ ਗਈ ਜਿਸ ਵਿੱਚ ਅੱਜ ਵੀ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਜਾਂਦੇ ਹਨ। ਅੱਜ ਸਿੱਖ ਪੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੰਪੂਰਨਤਾ ਦਿਵਸ ਮਨਾ ਰਿਹਾ ਹੈ। ਇਸ ਪਾਵਨ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ।
|
Total Views: 18085 |