|
ਬਾਬਾ ਬੰਦਾ ਸਿੰਘ ਬਹਾਦਰ : ਸਿੱਖਾਂ ਦਾ ਪਹਿਲਾ ਬਾਦਸ਼ਾਹ
Date: Aug 21, 2010
ਸਿੱਖ ਇਤਿਹਾਸ ਅਜਿਹੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ, ਜਿਨ੍ਹਾਂ ਦੇਸ਼ ਧਰਮ ਤੇ ਕੌਮ ਦੀ ਖਾਤਰ ਹੱਸ-ਹੱਸ ਕੇ ਜੀਵਨ ਵਾਰਿਆ, ਸੀਸ ਤਲੀ 'ਤੇ ਧਰ ਕੇ ਮੈਦਾਨ 'ਚ ਜੂਝੇ ਅਤੇ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਦੇ ਆਹੂ ਵੀ ਲਾਹੇ। ਪਰ ਜੋ ਇਤਿਹਾਸ ਲਾਸਾਨੀ ਯੋਧੇ ਤੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਰਜਿਆ, ਉਸ ਦਾ ਕੋਈ ਸਾਨੀ ਨਹੀਂ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਬਰ ਮੁਗਲ ਰਾਜ ਨੂੰ ਜੜ੍ਹੋਂ ਪੁੱਟ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਦੱਬੇ-ਕੁਚਲੇ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ।
ਇਸ ਮਹਾਨ ਜਰਨੈਲ ਦੀ ਅਗਵਾਈ 'ਚ ਜੁਝਾਰੂ ਸਿੰਘਾਂ ਨੇ ਮੈਦਾਨੇ ਜੰਗ ਵਿਚ ਵੀ ਸਿੱਖੀ ਅਸੂਲਾਂ ਦਾ ਪੱਲਾ ਨਹੀਂ ਛੱਡਿਆ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਵਿਚ ਵੀ ਆਚਰਣ ਦਾ ਪੱਲਾ ਨਹੀਂ ਛੱਡਣਾ, ਇਸਤਰੀ ਦੇ ਗਹਿਣੇ ਨਹੀਂ ਉਤਾਰਨੇ, ਵਿਰੋਧੀ ਪੁਰਸ਼ ਦੀ ਪੱਗੜੀ ਉੱਤਰ ਜਾਏ ਤਾਂ ਵਾਰ ਨਹੀਂ ਕਰਨਾ, ਨਿਮਾਣੇ, ਨਿਤਾਣੇ ਅਤੇ ਲਿਤਾੜੇ ਹੋਏ ਕਿਸੇ ਵੀ ਧਰਮ ਦੇ ਲੋਕ ਜੇ ਮੱਦਦ ਲਈ ਫਰਿਆਦ ਲੈ ਕੇ ਆਉਣ ਤਾਂ ਉਨ੍ਹਾਂ ਦੀ ਮਦਦ ਜ਼ਰੂਰ ਕਰਨੀ ਹੈ- 'ਤੇ ਚਲਦਿਆਂ ਹੋਇਆਂ ਪਹਿਲੀ ਵਾਰ ਸਰਹਿੰਦ 'ਤੇ ਖ਼ਾਲਸਾ ਰਾਜ ਦਾ ਪਰਚਮ ਝੁਲਾਉਂਦਿਆਂ ਸੁਤੰਤਰ ਸਿੱਖ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਘਾਲਣਾ ਵਿਸ਼ੇਸ਼ ਸਥਾਨ ਰੱਖਦੀ ਹੈ।
ਰਾਜੌਰੀ,'ਚ 1670 ਈ: ਨੂੰ ਪੈਦਾ ਹੋਇਆ ਮਾਧੋ ਦਾਸ (ਬਾਬਾ ਬੰਦਾ ਸਿੰਘ ਬਹਾਦਰ) ਜੋ ਕਦੇ ਸੰਸਾਰ ਤੋਂ ਉਪਰਾਮ ਹੋਇਆ ਨਾਂਦੇੜ ਇਲਾਕੇ ਵਿਚ ਬੈਰਾਗੀ ਸਾਧੂਆਂ ਵਾਲਾ ਜੀਵਨ ਬਤੀਤ ਕਰ ਰਿਹਾ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਥਾਪੜੇ ਨਾਲ ਮਾਧੋ ਦਾਸ ਤੋਂ 'ਗੁਰੂ ਦਾ ਬੰਦਾ' ਬਣ ਕੇ ਪਾਤਸ਼ਾਹ ਦੀ ਸ਼ਰਨ ਵਿਚ ਆਇਆ ਤਾਂ ਕੱਚੇ ਲੋਹੇ ਤੋਂ ਸੁੱਚਾ ਸੋਨਾ ਬਣ ਗਿਆ। ਗੁਰੂ ਜੀ ਨੇ ਉਸ ਨੂੰ ਥਾਪੜਾ ਦਿੰਦੇ ਹੋਏ, ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਣਾਇਆ ਅਤੇ 'ਧਰਮ ਚਲਾਵਨ ਸੰਤ ਉਭਾਰਨ। ਦੁਸਟ ਸਭਨ ਕੋ ਮੂਲ ਉਪਾਰਨ।।' ਦੇ ਮਿਸ਼ਨ ਅਧੀਨ ਵਿਸ਼ੇਸ਼ ਜ਼ਿੰਮੇਵਾਰੀ ਦੇ ਕੇ ਪੰਜਾਬ ਭੇਜਿਆ।
ਪੰਜਾਬ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੀ ਪਹਿਲਾਂ ਖਿੰਡਰੀ-ਪੁੰਡਰੀ ਸ਼ਕਤੀ ਨੂੰ ਮੁੜ ਜਥੇਬੰਦ ਕਰਕੇ ਮੁਗ਼ਲਈ ਹਕੂਮਤ ਵਿਰੁੱਧ ਸੰਘਰਸ਼ ਆਰੰਭ ਕਰ ਦਿਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸੇ ਦੀ ਜਥੇਬੰਦਕ ਸ਼ਕਤੀ ਨੂੰ ਲੈ ਕੇ ਅੱਗੇ ਵਧਿਆ ਤਾਂ ਮੁਗਲਈ ਸਲਤਨਤ ਦੇ ਵੱਡੇ ਵੱਡੇ ਥੰਮ੍ਹ ਹਿਲ ਗਏ। ਮੈਦਾਨੇ ਜੰਗ ਵਿਚ ਮੁਗ਼ਲ ਫੌਜਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਬਾਬਾ ਬੰਦਾ ਸਿੰਘ ਬਹਾਦਰ ਅਤੇ ਖ਼ਾਲਸਈ ਫੌਜਾਂ ਨੇ ਸਰਹਿੰਦ ਸ਼ਹਿਰ, ਜਿਥੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੀ ਸ਼ਹਾਦਤ ਹੋਈ ਸੀ, ਦੀ ਇੱਟ ਨਾਲ ਇੱਟ ਖੜਕਾ ਫ਼ਤਹਿ ਪ੍ਰਾਪਤ ਕੀਤੀ ਤੇ ਪਹਿਲੀ ਵਾਰ ਸਿੱਖ ਰਾਜ ਦਾ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ, ਖ਼ਾਲਸਾ ਰਾਜ ਕਾਇਮ ਕੀਤਾ। ਉਨ੍ਹਾਂ ਨੇ ਰਾਜਧਾਨੀ ਬਣਾਈ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਨਾਂਅ 'ਤੇ ਸਿੱਕਾ ਜਾਰੀ ਕੀਤਾ।
ਇਸ ਸਭ ਨਾਲ ਬਾਬਾ ਬੰਦਾ ਸਿੰਘ ਦੇ ਨਾਂਅ ਨਾਲ 'ਬਹਾਦੁਰ' ਵਿਸ਼ੇਸ਼ਣ ਜੁੜ ਗਿਆ ਅਤੇ ਖ਼ਾਲਸਾ ਪੰਥ ਦਾ ਇਹ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਉਨ੍ਹਾਂ ਦੀ ਘਾਲਣਾ, ਸੂਰਮਗਤੀ ਤੇ ਕੁਰਬਾਨੀਆਂ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ ਜੋ ਸਾਡੇ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਦਾਸਤਾਨ ਵੀ ਵਿਲੱਖਣ ਹੈ। ਗ੍ਰਿਫਤਾਰੀ ਉਪਰੰਤ ਮੁਗਲਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਹਿ ਅਤੇ ਅਸਹਿ ਤਸੀਹੇ ਦੇਣੇ ਅਤੇ ਸ਼ਹੀਦ ਹੋਣ ਸਮੇਂ ਵੀ ਜਿਸ ਅਡੋਲਤਾ ਦਾ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਉਹ ਕੇਵਲ ਗੁਰੂ ਦਾ ਸਿੱਖ ਹੀ ਕਰ ਸਕਦਾ ਹੈ।
ਸਿੱਖ ਕੌਮ ਦਾ ਇਹ ਮਹਾਨ ਜਰਨੈਲ, ਜੋ ਹੁਣ ਤਕ ਇਤਿਹਾਸ ਦੇ ਪੰਨਿਆਂ 'ਤੇ ਪੂਰੀ ਤਰ੍ਹਾਂ ਉਜਾਗਰ ਨਹੀਂ ਹੋ ਸਕਿਆ, ਦੀ ਸਿੱਖ ਕੌਮ ਨੂੰ ਅਦੁੱਤੀ ਦੇਣ ਨੂੰ ਪ੍ਰਚਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਹਿੰਦ ਫ਼ਤਹਿ ਦਿਵਸ ਦੀ ਤੀਜੀ ਸ਼ਤਾਬਦੀ ਮਨਾਏ ਜਾਣਾ ਅਜਿਹਾ ਉਦਮ ਹੈ, ਜਿਸ ਨਾਲ ਉਸ ਦੀਆਂ ਪ੍ਰਾਪਤੀਆਂ ਸੰਗਤਾਂ ਵਿਚ ਉਜਾਗਰ ਹੋ ਸਕਣਗੀਆਂ। ਵੱਖ-ਵੱਖ ਸੈਮੀਨਾਰ ਕਰਵਾ ਕੇ ਨਾਮਵਰ ਬੁੱਧੀਜੀਵੀਆਂ ਵੱਲੋਂ ਬਾਬਾ ਜੀ ਦੇ ਜੀਵਨ 'ਤੇ ਖੋਜ ਭਰਪੂਰ ਪਰਚੇ ਪੜ੍ਹਨ ਨਾਲ ਬਾਬਾ ਜੀ ਦੇ ਜੀਵਨ ਸਬੰਧੀ ਜਾਣਕਾਰੀ ਮਿਲੀ ਹੈ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੇ ਕਾਰਜਾਂ ਨੂੰ ਸੰਸਾਰ ਭਰ 'ਚ ਉਜਾਗਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਪੜਚਿੜੀ ਵਿਖੇ ਯਾਦਗਾਰੀ ਸਤੰਭ, ਮੁਖਲਿਸਗੜ੍ਹ ਵਿਖੇ ਖਾਲਸਈ ਭਵਨ ਨਿਰਮਾਣ ਕਲਾ ਦੇ ਨਮੂਨੇ 'ਤੇ ਕਿਲ੍ਹੇ ਦੀ ਉਸਾਰੀ ਤੋਂ ਇਲਾਵਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਪ੍ਰਾਪਤੀ ਨੂੰ ਦਰਸਾਉਂਦਾ ਆਧੁਨਿਕ ਅਜਾਇਬਘਰ ਤਿਆਰ ਕਰਵਾਉਣ ਦੇ ਕਾਰਜ ਹੱਥ ਵਿਚ ਲਏ ਗਏ ਹਨ।
ਸਰਹਿੰਦ ਫ਼ਤਹਿ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਨੂੰ ਸਮਰਪਿਤ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ ਤਿਆਰ ਕਰਵਾਏ ਗਏ ਹਨ। ਗੁਰਮਤਿ ਵਿਚਾਰਧਾਰਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਕੀਤੇ ਖਾਲਸਾ ਰਾਜ ਦੇ ਸਦਗੁਣਾਂ ਤੋਂ ਲੋਕਾਈ ਨੂੰ ਜਾਣੂੰ ਕਰਵਾਉਣ ਲਈ ਗੁਰਦੁਆਰਾ ਬੰਦਾ ਘਾਟ ਨਾਂਦੇੜ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਅਸਥਾਨ ਰਾਜੌਰੀ (ਜੰਮੂ-ਕਸ਼ਮੀਰ) ਤੋਂ ਨਗਰ ਕੀਰਤਨ (ਫ਼ਤਹਿ ਮਾਰਚ) ਆਯੋਜਿਤ ਕੀਤੇ ਗਏ ਹਨ।
ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ 12 ਮਈ ਨੂੰ ਕਵੀਸ਼ਰ ਦਰਬਾਰ, ਸ਼ਾਮ ਨੂੰ ਕਵੀ ਦਰਬਾਰ, 13 ਮਈ ਨੂੰ ਢਾਡੀ ਦਰਬਾਰ, ਇਸੇ ਦਿਨ ਸ਼ਾਮ ਨੂੰ ਕੀਰਤਨ ਦਰਬਾਰ ਅਤੇ 14 ਮਈ ਨੂੰ ਮੁੱਖ ਸਮਾਗਮ ਹੋਵੇਗਾ ਜਿਸ ਵਿਚ ਸਿੱਖ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਤਿਕਾਰ ਭੇਟ ਕਰਨਗੀਆਂ। ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਖੇਤਰਾਂ 'ਚੋਂ ਨਾਮ ਖੱਟਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ, ਧਾਰਮਿਕ ਨਾਟਕ, ਖੇਡ ਮੁਕਾਬਲੇ ਅਤੇ 13 ਮਈ ਦੀ ਰਾਤ ਨੂੰ ਲੇਜ਼ਰ ਸ਼ੋਅ ਅਤੇ ਮਨਮੋਹਕ ਆਤਿਸ਼ਬਾਜ਼ੀ ਕੀਤੀ ਜਾਵੇਗੀ। ਮੈਨੂੰ ਆਸ ਹੈ ਕਿ ਸਿੱਖ ਸੰਗਤਾਂ ਇਸ ਸਮਾਰੋਹ ਵਿਚ ਭਾਗ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਨੂੰ ਹੋਰ ਵਧਾਉਂਦੇ ਹੋਏ, ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰਨਗੀਆਂ ਅਤੇ ਸਿੱਖੀ ਦੀ ਆਨ ਅਤੇ ਸ਼ਾਨ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਤੱਤਪਰ ਰਹਿਣਗੀਆਂ।
|
Total Views: 18062 |