|
3-ਜੀ ਨਿਲਾਮੀ ਬਾਰੇ ਅਜੇ ਕੋਈ ਫੈਸਲਾ ਨਹੀਂ
Date: Feb 04, 2010
ਨਵੀਂ ਦਿੱਲੀ ,7starnews
ਵਿੱਤ ਮੰਤਰਾਲੇ ਨੇ ਕਿਹਾ ਹੈ ਕਿ 3-ਜੀ ਵਾਇਰਲੈਸ ਸਪੈਕਟ੍ਰਮ ਦੀ ਨਿਲਾਮੀ ਦੇ ਸਮੇਂ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ।
ਵਿੱਤ ਸਕੱਤਰ ਅਸ਼ੋਕ ਚਾਵਲਾ ਨੇ ਇਹ ਪੁੱਛੇ ਜਾਣ 'ਤੇ ਕਿ ਕੀ 3-ਜੀ ਸਪੈਕਟ੍ਰਮ ਦੀ ਨਿਲਾਮੀ ਅਗਲੇ ਵਿੱਤ ਵਰ੍ਹੇ ਤੱਕ ਲਈ ਟਲ ਗਈ ਹੈ, ਕਿਹਾ ਕਿ ਅਜੇ 3-ਜੀ ਸਪੈਕਟ੍ਰਮ ਦੀ ਨਿਲਾਮੀ ਬਾਰੇ ਕੋਈ ਰਸਮੀਂ ਫੈਸਲਾ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ ਅਧਿਕਾਰਿਕ ਸੂਤਰਾਂ ਨੇ ਕਿਹਾ ਸੀ ਕਿ 3-ਜੀ ਸਪੈਕਟ੍ਰਮ ਦੀ ਨਿਲਾਮੀ ਅਗਲੇ ਵਿੱਤ ਵਰ੍ਹੇ ਤੱਕ ਲਈ ਟਲ ਗਈ ਹੈ। 3-ਜੀ ਸਪੈਕਟ੍ਰਮ ਦੀ ਨਿਲਾਮੀ ਨਾਲ ਸਰਕਾਰ ਨੂੰ 35000 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ।
ਦੂਰਸੰਚਾਰ ਵਿਭਾਗ (ਡਾਟ) ਦੇ ਸੀਨੀਅਰ ਅਧਿਕਾਰੀਆਂ ਅਨੁਸਾਰ, ਮੰਤਰੀਆਂ ਦੇ ਅਧਿਕਾਰ ਪ੍ਰਾਪਤ ਸਮੂਹ (ਈਜੀਓਐਮ) ਦੇ ਮੈਂਬਰ ਵਿਧੀ ਮੰਤਰੀ ਵੀਰੱਪਾ ਮੋਇਲੀ ਦਾ ਮੰਨਣਾ ਹੈ ਕਿ ਨਿਲਾਮੀ ਤਾਂ ਹੀ ਕੀਤੀ ਜਾਣੀ ਚਾਹੀਦੀ ਹੈ, ਜਦੋਂ ਸਪੈਕਟ੍ਰਮ ਉਪਲਬਧ ਹੋਵੇ। ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਨਿਲਾਮੀ ਇਸ ਸਾਲ ਅਗਸਤ-ਸਤੰਬਰ ਵਿੱਚ ਹੋ ਸਕਦੀ ਹੈ। ਰੱਖਿਆ ਮੰਤਰਾਲਾ ਇਸ ਸਾਲ ਦੇ ਮੱਧ ਤੱਕ ਸਪੈਕਟ੍ਰਮ ਖਾਲੀ ਕਰਨ 'ਤੇ ਸਹਿਮਤ ਹੋਇਆ ਹੈ।
|
Total Views: 18055 |