|
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ
Date: Feb 11, 2012
ਫਤਹਿਗੜ ਸਾਹਿਬ 10 ਫਰਵਰੀ (ਜਗਦੇਵ)
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਵੀਰ ਸਿੰਘ ਆਹਲੂਵਾਲੀਏ ਦੀ ਮੁੜ ਨਿਯੁਕਤੀ ਨੂੰ ਰੱਦ ਕਰਨ ਦਾ ਮਾਮਲਾ ਦਿਨ ਪ੍ਰਤੀ ਦਿਨ ਗਰਮਾਉਂਦਾ ਜਾ ਰਿਹਾ ਹੈ। ਜਿੱਥੇ ਇਸ ਜ਼ੋਰਦਾਰ ਮੰਗ ਨੂੰ ਲੈ ਕੇ ਪੰਥਕ ਜਥੇਬੰਦੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦੀ ਚੰਡੀਗੜ ਸਥਿਤ ਕੋਠੀ ਬਾਹਰ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਸਰਪ੍ਰਸਤ ਸ. ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਕਾਲੀਆਂ ਝੰਡੀਆਂ ਲੈ ਕੇ ਵਿਸ਼ਾਲ ਰੋਸ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ । ਭਾਵੇਂ ਇਸ ਧਰਨੇ ਨੂੰ ਨਾ-ਕਾਮਯਾਬ ਕਰਨ ਲਈ ਪੁਲਸ ਪ੍ਰਸਾਸਨ ਵਲੋਂ ਕਾਫੀ ਸੁੱਰਖਿਆ ਪ੍ਰਬੰਧ ਕੀਤੇ ਗਏ ਸਨ ਪਰ ਇਸ ਸਭ ਕੁਝ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਯੂਨੀਵਰਸਿਟੀ ਗੇਟ ਅੱਗੇ ਪਹੁੰਚਣ ਵਿਚ ਕਾਮਯਾਬ ਹੋ ਗਏ ਤੇ ਉਨਾਂ ਨੇ ’ਵਰਸਿਟੀ ਗੇਟ ਅੱਗੇ ਕਾਲੀਆਂ ਝੰਡੀਆਂ ਲਹਿਰਾ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ‘‘ਗੋ ਬੈਕ’’ ਤੇ ‘‘ਆਯਾਸ਼ ਵੀ.ਸੀ’’ ਨੂੰ ਯੂਨੀਵਰਸਿਟੀ ਤੋਂ ਬਾਹਰ ਕਰੋਂ ਦੇ ਆਦਿ ਦੇ ਜ਼ੋਰਦਾਰ ਨਾਅਰੇ ਵੀ ਲਗਾਏ ਗਏ।
ਇਸ ਮੌਕੇ ਤੇ ਜੁੜੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਸ. ਇਮਾਨ ਸਿੰਘ ਮਾਨ ਨੇ ਕਿਹਾ ਕਿ ਸ਼ਹੀਦਾਂ ਦੀ ਪਵਿਤਰ ਧਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਬਣੀ ਇਸ ਯੂਨੀਵਰਸਿਟੀ ਤੇ ਕਿਸੇ ਵੀ ਹਾਲਤ ਵਿਚ ਆਚਰਨਹੀਣਤਾ ਦੇ ਕਥਿਤ ਦੋਸ਼ਾਂ ਵਿਚ ਘਿਰੇ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ ਵਾਈਸ ਚਾਂਸਲਰ ਨਹੀਂ ਰਹਿਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ। ਉਨਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ ਸਿੰਘ ਬਾਦਲ ਤੇ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਹਦਾਇਤ ਕਰਨ ਕਿ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਅਹੁਦੇ ਤੋਂ ਤੁਰੰਤ ਚਲਦਾ ਕਰਨ ਤਾਂ ਜੋ ਸਿੱਖ ਕੌਮ ਖਾਨਾਜੰਗੀ ਤੋਂ ਬਚ ਸਕੇ।
ਸ. ਮਾਨ ਨੇ ਕਿਹਾ ਕਿ ਪਹਿਲਾਂ ਵੀ ਇਸ ਵੀ.ਸੀ. ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਯਾਸ਼ੀ ਜਿਹੇ ਭੈੜੇ ਕੰਮਾਂ ਕਾਰਨ ਹੀ ਕੱਢਿਆ ਗਿਆ ਸੀ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਾਰ ਵਾਰ ਇਸ ਵਿਅਕਤੀ ਨੂੰ ਹੀ ਕਿਉਂ ਵਾਈਸ ਚਾਂਸਲਰ ਦੀ ਕੁਰਸੀ ਤੇ ਬਿਠਾਉਣ ਲਈ ਬਜ਼ਿੱਦ ਹਨ ਜੋ ਸਿੱਖੀ ਸਿਧਾਂਤਾਂ ਤੇ ਵੀ ਪੂਰਾ ਨਹੀਂ ਉਤਰਦਾ। ਉਨਾਂ ਸਵਾਲ ਕਰਦਿਆਂ ਕਿਹਾ ਕਿ 77 ਸਾਲਾਂ ਨੂੰ ਢੁੱਕੇ ਡਾ. ਜਸਵੀਰ ਸਿੰਘ ਆਹਲੂਵਾਲੀਆ ਦੀ ਦਾੜੀ ਵਿਚ ਇਕ ਵੀ ਵਾਲਾ ਚਿੱਟਾ ਨਹੀਂ ਤੇ ਸਾਰੀ ਦਾੜੀ ਕਾਲੀ ਕਰਕੇ ਉਹ ਵਿੱਦਿਆਰਥੀਆਂ ਦਾ ਕੀ ਮਾਰਗ ਦਰਸ਼ਨ ਕਰਨਗੇ। ਸ. ਮਾਨ ਨੇ ਕਿਹਾ ਕਿ ਜੇਕਰ 12 ਫਰਵਰੀ ਤੱਕ ਇਸ ਵਾਈਸ ਚਾਂਸਲਰ ਦੀ ਨਿਯੁੱਕਤੀ ਨੂੰ ਰੱਦ ਨਾ ਕੀਤਾ ਗਿਆ ਤਾਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਜਨਮ ਦਿਹਾੜੇ ਤੇ ਸਿੱਖ ਕੌਮ ਨੂੰ ਇਸ ਵਾਈਸ ਚਾਂਸਲਰ ਨੂੰ ਅਹੁੱਦੇ ਤੋਂ ਲੁਹਾਉਣ ਲਈ ਅਗਲਾ ਐਕਸ਼ਨ ਪ੍ਰੋਗਰਾਮ ਦਿੱਤਾ ਜਾਵੇਗਾ। ਅੰਤ ਵਿਚ ਆਗੂਆਂ ਨੇ ਡਾ: ਜਸਵੀਰ ਸਿੰਘ ਆਹਲੂਵਾਲੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਖੁਦ ਹੀ ਆਪਣਾ ਅਸਤੀਫ਼ਾ ਦੇ ਕੇ ਘਰ ਬੈਠ ਜਾਣ ਤਾਂ ਅਜਿਹਾ ਕਰਨ ਨਾਲ ਜਿੱਥੇ ਸਿੱਖ ਕੌਮ ਖਾਨਾਜੰਗੀ ਤੋਂ ਬਚ ਸਕੇਗੀ।
ਇਸ ਮੋਕੇ ਤੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਸਕੱਤਰ ਸ. ਇਕਬਾਲ ਸਿੰਘ ਟਿਵਾਣਾ ਤੇ ਯੂਥ ਵਿੰਗ ਦੇ ਸਰਗਰਮ ਆਗੂ ਰਣਦੇਬ ਸਿੰਘ ਦੇਬੀ ਨੇ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਅਜਿਹਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੁਨੀਵਰਸਿਟੀ ਦੇ ਉਪ-ਕੁਲਪਤੀ ਦੇ ਅਹੁਦੇ ਦੇ ਬਿਲਕੁਲ ਯੋਗ ਨਹੀਂ ਹੈ ਅਤੇ ਉਸ ਦੀ ਮੁੜ ਨਿਯੁਕਤੀ ਦੀ ਕਾਰਵਾਈ ਨਾਲ ਦੁਨੀਆਂ ਭਰ ਵਿਚ ਵਸਦੀਆਂ ਸਿੱਖ ਸੰਗਤਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ ਤੇ ਇਸ ਸਬੰਧ ਵਿਚ ਕਿਸੇ ਵੀ ਤਰਾਂ ਦੇ ਜਾਨੀ ਮਾਲੀ ਨੁਕਸਾਨ ਦੇ ਜ਼ਿੰਮੇਵਾਰ ਸਿੱਧੇ ਤੋਰ ਤੇ ਪ੍ਰਕਾਸ ਸਿੰਘ ਬਾਦਲ ਤੇ ਅਵਤਾਰ ਸਿੰਘ ਮੱਕੜ ਹੋਣਗੇ। ਯੂਨੀਵਰਸਿਟੀ ਗੇਟ ਦੇ ਅੰਦਰਲੇ ਪਾਸੇ ਵੱਡੀ ਗਿਣਤੀ ਵਿਚ ਪੁਲਸ ਨੇ ਸੁਰੱਖਿਆ ਕੀਤੇ ਹੋਏ ਸਨ ਤੇ ਧਰਨੇ ਦੋਰਾਨ ਪੁਲਸ ਨਾ ਤਾਂ ਕਿਸੇ ਨੂੰ ਅੰਦਰ ਤੇ ਨਾ ਹੀ ਕਿਸੇ ਨੂੰ ਯੂਨੀਵਰਸਿਟੀ ਦੇ ਬਾਹਰ ਜਾਣ ਦੇ ਰਹੀ ਸੀ। ਜਦੋਂ ਪੱਤਰਕਾਰਾਂ ਨੇ ਯੂਨੀਵਰਸਿਟੀ ਅੰਦਰ ਜਾ ਕੇ ’ਵਰਸਿਟੀ ਅਧਿਕਾਰੀਆਂ ਨੂੰ ਆਹਲੂਵਾਲੀਆ ਬਾਰੇ ਪੁੱਛਿਆ ਤਾਂ ਉਨਾਂ ਦੱਸਿਆ ਕਿ ਵੀ.ਸੀ. ਸਾਹਿਬ ਅੱਜ ਯੂਨੀਵਰਸਿਟੀ ਨਹੀਂ ਆਏ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸ. ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਸਕੱਤਰ ਸ. ਇਕਬਾਲ ਸਿੰਘ ਟਿਵਾਣਾ, ਪਾਰਟੀ ਦੇ ਐਗਜੈਗਟਿਵ ਕਮੇਟੀ ਮੈਂਬਰ ਗੁਰਦਿਆਲ ਸਿੰਘ ਘੁੱਲੂਮਾਜਰਾ, ਮਾਸਟਰ ਕਰਨੈਲ ਸਿੰਘ ਨਾਰੀਕੇ ਜਨ:ਸਕੱਤਰ, ਸ੍ਰ: ਹਰਭਜਨ ਸਿੰਘ ਕਸ਼ਮੀਰੀ ਜਿਲਾ ਪ੍ਰਧਾਨ ਪਟਿਆਲਾ, ਸ਼ਿੰਗਾਰਾ ਸਿੰਘ ਬਡਲਾ ਜਿਲਾ ਪ੍ਰਧਾਨ ਫਤਿਹਗੜ ਸਾਹਿਬ, ਜ਼ੋਰਾ ਸਿੰਘ ਮੁਕਾਂਰੋਪੁਰ, ਜ਼ਿਲਾ ਸਰਪ੍ਰਸਤ ਸਵਰਨ ਸਿੰਘ ਫਾਟਕ ਮਾਜਰੀ, ਮੀਤ ਪ੍ਰਧਾਨ ਧਰਮ ਸਿੰਘ ਕਲੌੜ, ਕੁਲਦੀਪ ਸਿੰਘ ਪਹਿਲਵਾਨ ਜ਼ਿਲਾ ਜਨਰਲ ਸਕੱਤਰ, ਸੁਰਿੰਦਰ ਸਿੰਘ ਅਕਾਲਗੜ ਬੋਰਾਂ, ਜੋਗਿੰਦਰ ਸਿੰਘ ਸੈਂਪਲੀ, ਰਣਦੇਵ ਸਿੰਘ ਦੇਬੀ ਨੌਜਵਾਨ ਆਗੂ, ਕੁਲਦੀਪ ਸਿੰਘ ਭਾਗੋਵਾਲ ਜਿਲਾ ਪ੍ਰਧਾਨ ਮੋਹਾਲੀ, ਕੁਲਦੀਪ ਸਿੰਘ ਦੁਭਾਲੀ, ਹਰਮਲ ਸਿੰਘ ਲਟੌਰ, ਗਿਆਨ ਸਿੰਘ ਸੈਂਪਲਾਂ, ਕ੍ਰਿਪਾਲ ਸਿੰਘ ਖਮਾਣੋ, ਗੁਰਮੁੱਖ ਸਿੰਘ ਸੌਂਸਪੁਰ, ਗੁਰਸ਼ਰਨ ਸਿੰਘ ਬਸੀ ਪਠਾਣਾਂ, ਸਤਿੰਦਰ ਪਾਲ ਸਿੰਘ ਬਾਜਵਾ ਬਸੀ ਪਠਾਣਾਂ ਅਤੇ ਜਿਲਾ ਫਤਿਹਗੜ ਸਾਹਿਬ ਦੇ ਬਹੁਤ ਸੀਨੀਅਰ ਆਗੂ ਅਤੇ ਕਾਲਜ਼ਾ ਅਤੇ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ
|
Total Views: 17939 |