|
ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ
Date: Feb 09, 2012
ਮੁੰਬਈ, 9 ਫਰਵਰੀ (ਪ.ਪ.)¸ ਬਾਲਗ ਹੋ ਚੁੱਕੀ ਸੰਤਾਨ ਨੂੰ ਆਪਣੇ ਮਾਂ-ਪਿਓ ਦੇ ਘਰ ਵਿਚ ਰਹਿਣ ਲਈ ਉਨ੍ਹਾਂ ਦੀ ਸਹਿਮਤੀ ਜ਼ਰੂਰੀ ਹੈ। ਬਿਨਾਂ ਸਹਿਮਤੀ ਦੇ ਬਾਲਗ ਬੇਟਾ ਜਾਂ ਬੇਟੀ ਮਾਂ-ਪਿਓ ਦੇ ਘਰ ਵਿਚ ਨਹੀਂ ਰਹਿ ਸਕਦੇ। ਬੰਬਈ ਹਾਈ ਕੋਰਟ ਦੇ ਜੱਜ ਜੇ ਐੱਚ. ਭਾਟੀਆ ਨੇ ਦਾਦਰ ਪਾਰਸੀ ਕਾਲੋਨੀ ਦੇ ਨਿਵਾਸੀ 73 ਸਾਲ ਦੇ ਬਜ਼ੁਰਗ ਅਤੇ ਉਨ੍ਹਾਂ ਦੀ 35 ਸਾਲ ਦੀ ਸ਼ਾਦੀਸ਼ੁਦਾ ਬੇਟੀ ਵਿਚਾਲੇ ਇਕ ਫਲੈਟ ਨੂੰ ਲੈ ਕੇ ਚੱਲ ਰਹੇ ਮੁਕੱਦਮੇ ਵੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ। ਇਸ ਮਾਮਲੇ ਵਿਚ ਅਦਾਲਤ ਨੇ ਬੇਟੀ ਦੇ ਫਲੈਟ ਦੇ ਦਾਅਵੇ ਨੂੰ ਖਾਰਜ ਕਰ ਦਿਤਾ ਤੇ ਬਜ਼ੁਰਗ ਦੀ ਬੇਟੀ ਆਪਣੇ ਪਿਤਾ ਦੇ ਫਲੈਟ ਵਿਚ ਵਿਆਹ ਤੋਂ ਬਾਅਦ ਰਹਿ ਰਹੀ ਸੀ ਅਤੇ ਅੱਧਾ ਫਲੈਟ ਖਾਲੀ ਨਹੀਂ ਕਰ ਰਹੀ ਸੀ। ਮਾਮਲਾ ਅਦਾਲਤ ਵਿਚ ਆਉਣ 'ਤੇ ਜੱਜ ਨੇ ਕਿਹਾ ਕਿ ਇਕ ਸ਼ਾਦੀਸ਼ੁਦਾ ਬੇਟੀ ਪਿਤਾ ਦੇ ਘਰ ਇਕ ਮਹਿਮਾਨ ਵਾਂਗ ਹੁੰਦੀ ਹੈ ਅਤੇ ਬਗੈਰ ਉਨ੍ਹਾਂ ਦੀ ਇਜਾਜ਼ਤ ਦੇ ਪਿਓ ਦੇ ਘਰ ਨਹੀਂ ਰਹਿ ਸਕਦੀ ਹੈ।
ਫੈਸਲੇ ਦੇ ਅਹਿਮ ਬਿੰਦੂ
1. ਮੁੰਬਈ ਹਾਈ ਕੋਰਟ ਨੇ ਇਕ ਮਾਮਲੇ ਵਿਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਮਾਤਾ-ਪਿਤਾ ਦਾ ਫਰਜ਼ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਦੀ 18 ਸਾਲ ਦੀ ਉਮਰ ਤਕ ਦੇਖਭਾਲ ਕਰਨ।
2. ਬਾਲਗ ਹੋ ਜਾਣ ਤੋਂ ਬਾਅਦ ਮਾਤਾ-ਪਿਤਾ ਦੀ ਮਰਜ਼ੀ ਦੇ ਬਿਨਾਂ ਉਨ੍ਹਾਂ ਦੇ ਘਰ ਵਿਚ ਰਹਿਣ ਲਈ ਸੰਤਾਨ ਕੋਲ ਕੋਈ ਵੀ ਕਾਨੂੰਨ ਅਧਿਕਾਰ ਨਹੀਂ ਹੁੰਦਾ।
3. ਵਿਆਹ ਤੋਂ ਬਾਅਦ ਬੇਟੀ ਆਪਣੇ ਮਾਤਾ-ਪਿਤਾ ਦੇ ਘਰ ਵਿਚ ਇਕ ਮਹਿਮਾਨ ਹੁੰਦੀ ਹੈ।
4. ਕਿਉਂਕਿ ਵਿਆਹੀ ਬੇਟੀ ਨੂੰ ਆਪਣੇ ਸਹੁਰੇ ਘਰ ਵਿਚ ਕਾਨੂੰਨੀ ਅਧਿਕਾਰ ਮਿਲੇ ਹੁੰਦੇ ਹਨ ਇਸ ਲਈ ਉਹ ਪੇਕਿਆਂ ਵਿਚ ਮਾਤਾ-ਪਿਤਾ ਦੀ ਮਰਜ਼ੀ ਦੇ ਬਿਨਾਂ ਉਨ੍ਹਾਂ ਦੇ ਘਰ 'ਤੇ ਕੋਈ ਕਾਨੂੰਨੀ ਦਾਅਵਾ ਨਹੀਂ ਕਰ ਸਕਦੀ।
5. ਮਾਤਾ-ਪਿਤਾ ਦੀ ਮਰਜ਼ੀ ਨਾਲ ਵਿਆਹੀ ਬੇਟੀ ਜਦੋਂ ਤਕ ਚਾਹੇ ਉਨ੍ਹਾਂ ਦੇ ਘਰ ਵਿਚ ਰਹਿ ਸਕਦੀ ਹੈ।
|
Total Views: 17922 |