|
ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ
Date: Feb 09, 2012
ਜਲੰਧਰ, 9 ਫਰਵਰੀ (ਪ.ਪ)¸
ਚੋਣ ਕਮਿਸ਼ਨ ਵਲੋਂ ਸੂਬੇ ਵਿਚ ਅਸੈਂਬਲੀ ਚੋਣਾਂ ਨੂੰ ਦੇਖਦੇ ਹੋਏ ਲਾਗੂ ਕੀਤਾ ਗਿਆ ਆਦਰਸ਼ ਚੋਣ ਜ਼ਾਬਤਾ ਹੁਣ ਕੈਦੀਆਂ 'ਤੇ ਭਾਰੀ ਪੈ ਰਿਹਾ ਹੈ। ਆਦਰਸ਼ ਚੋਣ ਜ਼ਾਬਤੇ ਕਾਰਨ ਚੋਣ ਕਮਿਸ਼ਨ ਨੇ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕਰਨ 'ਤੇ ਰੋਕ ਲਗਾ ਦਿੱਤੀ ਸੀ। ਪਿਛਲੇ ਇਕ ਮਹੀਨੇ ਤੋਂ ਇਕ ਵੀ ਕੈਦੀ ਨੂੰ ਪੈਰੋਲ 'ਤੇ ਛੁੱਟੀ ਨਹੀਂ ਦਿੱਤੀ ਗਈ।
ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਦੌਰਾਨ ਪੈਰੋਲ 'ਤੇ ਕੈਦੀਆਂ ਨੂੰ ਛੱਡਣ 'ਤੇ ਇਸ ਲਈ ਰੋਕ ਲਾ ਦਿੱਤੀ ਸੀ ਤਾਂ ਜੋ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਵਲੋਂ ਇਨ੍ਹਾਂ ਕੈਦੀਆਂ ਦੀ ਦੁਰਵਰਤੋਂ ਆਪਣੇ ਚੋਣ ਕੰਮਾਂ ਲਈ ਨਾ ਕੀਤੀ ਜਾ ਸਕੇ।
ਪੰਜਾਬ ਦੀਆਂ ਜੇਲਾਂ ਵਿਚ ਅੱਜਕਲ ਕੈਦੀਆਂ ਦੀਆਂ ਛੁੱਟੀਆਂ ਦੀ ਮੰਗ ਕਾਰਨ ਡੀ. ਜੀ. ਪੀ. (ਜੇਲ) ਸ਼ਸ਼ੀਕਾਂਤ ਨੂੰ ਜੂਝਣਾ ਪੈ ਰਿਹਾ ਹੈ। ਡੀ. ਜੀ. ਪੀ. ਵਲੋਂ ਸੂਬੇ ਦੀਆਂ ਜੇਲਾਂ ਵਿਚ ਨਸ਼ਾ ਕਰਨ ਵਾਲੇ ਕੈਦੀਆਂ ਦੀ ਗਿਣਤੀ ਦਾ ਪਤਾ ਲਾਉਣ ਲਈ ਵੱਖ-ਵੱਖ ਜੇਲਾਂ ਦੇ ਦੌਰੇ ਕੀਤੇ ਜਾ ਰਹੇ ਹਨ। ਇਸ ਦੌਰਾਨ 50 ਤੋਂ 60 ਕੈਦੀ ਡੀ. ਜੀ. ਪੀ. ਕੋਲ ਇਕੱਠੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਉਨ੍ਹਾਂ ਕੋਲੋਂ ਸਿਰਫ ਇਕ ਹੀ ਮੰਗ ਹੁੰਦੀ ਹੈ ਕਿ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਛੁੱਟੀ ਆਖਿਰ ਕਦੋਂ ਦਿੱਤੀ ਜਾਵੇਗੀ।
ਸਾਲ 'ਚ ਕੈਦੀਆਂ ਨੂੰ 4 ਹਫਤੇ ਦੀ ਮਿਲਦੀ ਹੈ ਛੁੱਟੀ : ਜੇਲ ਦੇ ਕਾਨੂੰਨ ਮੁਤਾਬਕ ਸਾਲ ਵਿਚ ਕੈਦੀਆਂ ਨੂੰ 4 ਹਫਤਿਆਂ ਦੀ ਛੁੱਟੀ ਦੇਣ ਦਾ ਪ੍ਰਬੰਧ ਹੈ। ਖੇਤੀਬਾੜੀ ਦੇ ਕੰਮਾਂ ਨਾਲ ਜੁੜੇ ਹੋਏ ਕੈਦੀਆਂ ਨੂੰ ਸਾਲ ਵਿਚ ਦੋ ਵਾਰ ਛੁੱਟੀ ਦਿੱਤੀ ਜਾਂਦੀ ਹੈ। ਛੁੱਟੀਆਂ ਦਿੰਦੇ ਸਮੇਂ ਕੈਦੀਆਂ ਕੋਲੋਂ ਸ਼ਿਓਰਟੀ ਬਾਂਡ ਭਰਵਾਏ ਜਾਂਦੇ ਹਨ ਤਾਂ ਜੋ ਛੁੱਟੀ 'ਤੇ ਜਾਂਦੇ ਸਮੇਂ ਕਿਤੇ ਉਹ ਫਰਾਰ ਨਾ ਹੋ ਜਾਣ। ਉਨ੍ਹਾਂ ਦੇ ਪਰਿਵਾਰਾਂ ਵਲੋਂ ਅਰਜ਼ੀਆਂ ਜ਼ਿਲੇ ਕੁਲੈਕਟਰ ਨੂੰ ਮਿਲਦੀਆਂ ਹਨ ਅਤੇ ਉੇਨ੍ਹਾਂ ਦੀ ਪ੍ਰਵਾਨਗੀ 'ਤੇ ਕੈਦੀ ਦੀ ਛੁੱਟੀ ਪ੍ਰਵਾਨ ਹੁੰਦੀ ਹੈ। ਕੈਦੀਆਂ 'ਤੇ ਨਜ਼ਰ ਰੱਖਣ ਲਈ ਪੁਲਸ ਸਟਾਫ ਨੂੰ ਵੀ ਭੇਜਿਆ ਜਾਂਦਾ ਹੈ।
ਸ਼ਸ਼ੀਕਾਂਤ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ : ਜੇਲ ਵਿਭਾਗ ਨੇ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਪੰਜਾਬ ਦੀ ਮੁਖ ਚੋਣ ਕਮਿਸ਼ਨਰ ਕੁਸੁਮਜੀਤ ਕੌਰ ਸਿੱਧੂ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਹੁਣ ਤਾਂ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਇਸ ਲਈ ਚੋਣ ਨਤੀਜੇ ਆਉਣ ਤੋਂ ਪਹਿਲਾਂ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕਰਨ ਦੀ ਆਗਿਆ ਦਿੱਤੀ ਜਾਵੇ। ਸ਼ਸ਼ੀਕਾਂਤ ਨੇ ਦੱਸਿਆ ਕਿ ਅਜੇ ਤਕ ਚੋਣ ਕਮਿਸ਼ਨ ਵਲੋਂ ਕੋਈ ਜਵਾਬ ਨਹੀਂ ਆਇਆ ਪਰ ਉਹ ਅਗਲੇ ਇਕ-ਦੋ ਦਿਨ ਤਕ ਖੁਦ ਚੋਣ ਕਮਿਸ਼ਨ ਨਾਲ ਗੱਲਬਾਤ ਕਰਨਗੇ।
ਵਿਆਹ ਮਾਮਲੇ 'ਚ ਡੀ. ਜੀ. ਪੀ. ਖੁਦ ਲੈਣਗੇ ਫੈਸਲਾ : ਡੀ. ਜੀ. ਪੀ. ਸ਼ਸ਼ੀਕਾਂਤ ਨੇ ਕੈਦੀਆਂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਇਹ ਫੈਸਲਾ ਲਿਆ ਹੈ ਕਿ ਜਿਨ੍ਹਾਂ ਕੈਦੀਆਂ ਦੇ ਘਰਾਂ ਵਿਚ ਵਿਆਹ ਵਰਗੇ ਸਮਾਰੋਹ ਹੋਣਗੇ ਉਨ੍ਹਾਂ ਮਾਮਲਿਆਂ ਵਿਚ ਉਹ ਖੁਦ ਕੈਦੀਆਂ ਦੀ ਛੁੱਟੀ ਪ੍ਰਵਾਨ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਹੁਣ ਤਕ ਉਨ੍ਹਾਂ ਅਜਿਹੇ ਮਾਮਲਿਆਂ ਵਿਚ ਦੋ ਕੈਦੀਆਂ ਦੀਆਂ ਅਰਜ਼ੀਆਂ ਨੂੰ ਪ੍ਰਵਾਨ ਕੀਤਾ ਹੈ।
|
Total Views: 17917 |