|
ਡਾ. ਜਸਵੀਰ ਸਿੰਘ ਆਹਲੂਵਾਲੀਆ ਨੇ ’ਵਰਸਿਟੀ ਦਾ ਮੁੜ ਅਹੁਦਾ ਸੰਭਾਲਿਆ ਪੰਥਕ ਜਥੇਬੰਦੀਆਂ ਵਲੋਂ ਐਕਸ਼ਨ ਪ੍ਰੋਗਰਾਮ ਲਈ ਲੁਧਿਆਣਾ ਵਿਖੇ ਮੀਟਿੰਗ ਅੱਜ, ਮਾਨ ਦਲ ਵਲੋਂ 10 ਫਰਵਰੀ ਨੂੰ ਯੂਨੀਵਰਸਿਟੀ ਅੱਗੇ ਧਰਨੇ ਦਾ ਐਲਾਨ
Date: Feb 09, 2012
ਫਤਹਿਗੜ੍ਹ ਸਾਹਿਬ 8 ਫਰਵਰੀ (ਜਗਦੇਵ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਨੇ ਕੱਲ ਸ਼ਾਮੀ ਮੁੜ ਵੀ.ਸੀ. ਦੇ ਅਹੁਦੇ ਦਾ ਚਾਰਜ਼ ਸੰਭਾਲ ਲਿਆ। ਵਾਈਸ ਚਾਂਸਲਰ ਆਹਲੂਵਾਲੀਆ ਦੇ ਚਾਰਜ਼ ਸੰਭਾਲਣ ਦੀ ਖ਼ਬਰ ਮਿਲਣ ਉਪਰੰਤ ਸਿੱਖ ਹਲਕਿਆਂ ਵਿਚ ਜਿੱਥੇ ਜ਼ਬਰਦਸ਼ਤ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਵੱਖ-ਵੱਖ ਗਰਮ ਖਿਆਲੀ ਸਿੱਖ ਜਥੇਬੰਦੀਆਂ ਵਲੋਂ ਜਬਰਦਸ਼ਤ ਵਿਰੋਧ ਕਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਡਾ ਆਹਲੂਵਾਲੀਆ ਦੇ ਇਸ ਯੂਨੀਵਰਸਿਟੀ ਦਾ ਵੀ.ਸੀ. ਨਿਯੁਕਤ ਹੋਣ ਦੇ ਪਹਿਲੇ ਦਿਨ ਤੋਂ ਹੀ ਉਹ ਵਿਵਾਦਾਂ ’ਚ ਘਿਰੇ ਆ ਰਹੇ ਹਨ ਤੇ ਪੰਥਕ ਜਥੇਬੰਦੀਆਂ ਉਨ੍ਹਾਂ ਦੀ ਨਿਯੁਕਤੀ ਦਾ ਲਗਾਤਾਰ ਵਿਰੋਧ ਕਰਦੀਆ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਖਨੌਰੀ ਨਿਵਾਸੀ ਨੋਜਵਾਨ ਜ਼ੋਰਾ ਸਿੰਘ ਉੱਪਲ ਨੇ ਡਾ. ਜਸਵੀਰ ਸਿੰਘ ਆਹਲੂਵਾਲੀਆ ਨਾਲ ਯੂਨੀਵਰਸਿਟੀ ’ਚ ਦਾਖਲੇ ਦੇ ਮਾਮਲੇ ਤੇ ਤਲਖ-ਕਲਾਮੀ ਹੋਣ ਕਾਰਨ ਯੂਨੀਵਰਸਿਟੀ ਕੈਂਪਸ ’ਚ ਹੀ ਗੋਲੀ ਮਾਰ ਕੇ ਸਖਤ ਜਖ਼ਮੀ ਕਰ ਦਿੱਤਾ ਸੀ ਤੇ ਉਹ ਕਾਫੀ ਸਮਾਂ ਜ਼ੇਰੇ ਇਲਾਜ਼ ਰਹੇ ਹਨ। ਜਦੋਂ ਕਿ ਡਾ. ਆਹਲੂਵਾਲੀਆ ਵਲੋਂ ਪਹਿਲਾਂ 15 ਦਸੰਬਰ 2011 ਨੂੰ ਵੀ.ਸੀ. ਦਾ ਅਹੁੱਦਾ ਸੰਭਾਲਣ ਦੇ ਆਏ ਬਿਆਨ ਉਪਰੰਤ ਹਲਕਾ ਵਿਧਾਨ ਸਭਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਯੂਨੀ ਦੇ ਸਾਬਕਾ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਡਾ. ਆਹਲੂਵਾਲੀਆ ਦੀ ਨਿਯੁਕਤੀ ਯੂ.ਜੀ.ਸੀ ਦੇ ਨਿਯਮਾਂ ਅਨੁਸਾਰ ਨਾ ਹੋਣ ਕਾਰਨ ਚੁਣੋਤੀ ਦਿੱਤੀ ਸੀ ਤੇ ਹਾਈ ਕੋਰਟ ਨੇ ਸਬੰਧਤ ਧਿਰਾ ਨੂੰ ਨੋਟਿਸ ਜਾਰੀ ਕਰਕੇ 14 ਫਰਵਰੀ 2012 ਨੂੰ ਜਵਾਬ ਮੰਗਿਆ ਹੋਇਆ ਹੈ।
ਇਸੇ ਦੋਰਾਨ ਡਾ. ਆਹਲੂਵਾਲੀਆ ਵਲੋਂ ਮੁੜ ਵੀ.ਸੀ ਦਾ ਅਹੁਦਾ ਸੰਭਾਲਣ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੀ ਅੱਜ ਹੰਗਾਮੀ ਮੀਟਿੰਗ ਕਿਲਾ ਹਰਨਾਮ ਸਿੰਘ ਨਗਰ ਵਿਖੇ ਹੋਈ। ਇਸ ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਥ ਅਕਾਲੀ ਦਲ (ਅ) ਦੇ ਸਰਪ੍ਰਸਤ ਇਮਾਨ ਸਿੰਘ ਮਾਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਸ. ਪ੍ਰਕਾਸ ਸਿੰਘ ਬਾਦਲ ਦੇ ਕੌਮ ਵਿਰੋਧੀ ਤੇ ਗੈਰ ਇਖਲਾਕੀ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪ ਕੁਲਪਤੀ ਦੇ ਆਹੁੱਦੇ ਉਂਤੇ ਡਾ. ਆਹਲੂਵਾਲੀਆ ਵਰਗੇ ਇਕਲਾਖ ਤੋਂ ਡਿਗੇ ਇਨਸਾਨ ਨੂੰ ਦੁਬਾਰਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦੀ ਜਥੇਬੰਦੀ ਨੇ ਅਸਫਲ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਲੇਕਿਨ ਇਨ੍ਹਾਂ ਆਗੂਆਂ ਨੇ ਬੀਤੀ ਸ਼ਾਮ ਛੁੱਟੀ ਵਾਲੇ ਦਿਨ ਫਿਰ ਇਸ ਬਦਨਾਮ ਵਿਅਕਤੀ ਨੂੰ ਦੁਬਾਰਾ ਡਿਊਟੀ ਤੇ ਹਾਜ਼ਰ ਕਰਕੇ ਸਿੱਖ ਕੌਮ ਅਤੇ ਸ਼੍ਰੀ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਸਿਧਾਂਤਾ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਗੁਸਤਾਖੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਆਹਲੂਵਾਲੀਆ ਦੀ ਦੁਬਾਰਾ ਨਿਯੁੱਕਤੀ ਵਿਰੁੱਧ ਰੋਸ ਪ੍ਰਗਟ ਕਰਨ ਲਈ ਪਾਰਟੀ ਵਲੋਂ 10 ਫਰਵਰੀ ਨੂੰ ਸਵੇਰੇ 11 ਤੋਂ 2 ਵਜੇ ਤੱਕ ਯੂਨੀਵਰਸਿਟੀ ਦੇ ਗੇਟ ਅੱਗੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਸਾਡੇ ਰੋਸ ਧਰਨੇ ਉਪਰੰਤ ਵੀ ਡਾ. ਆਹਲੂਵਾਲੀਆ ਦੀ ਦੁਬਾਰਾ ਕੀਤੀ ਗਈ ਨਿਯੁੱਕਤੀ ਨੂੰ ਰੱਦ ਨਾ ਕੀਤਾ ਤਾ ਪਾਰਟੀ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ 65ਵੇਂ ਜਨਮ ਦਿਹਾੜੇ ਮੋਕੇ ਫਤਿਹਗੜ੍ਹ ਸਾਹਿਬ ਵਿਖੇ ਇਸ ਫੈਸਲੇ ਵਿਰੁੱਧ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰੇਗੀ ਤੇ ਉਨ੍ਹਾਂ ਫਤਿਹਗੜ੍ਹ ਸਾਹਿਬ ਦੇ ਸਮੂਹ ਕਾਲਜਾਂ, ਯੂਨੀਵਰਸਿਟੀ, ਸਕੂਲਾਂ ਦੇ ਵਿੱਦਿਆਰਥੀਆਂ ਨੂੰ ਵੀ ਇਸ ਧਰਨੇ ਵਿਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਹੈ। ਇਸੇ ਦੋਰਾਨ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰਮਹੁੰਮਦ, ਦਲ ਖਾਲਸਾ ਦੇ ਜਨ. ਸਕੱਤਰ ਭਾਈ ਕੰਵਰਪਾਲ ਸਿੰਘ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਆਹਲੂਵਾਲੀਆ ਦੀ ਮੁੜ ਨਿਯੁੱਕਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਵਾਰ ਵਾਰ ਡਾ. ਆਹਲੂਵਾਲੀਆਂ ਨੂੰ ਪੰਥਕ ਜਥੇਬੰਦੀਆਂ ਦੇ ਸਖ਼ਤ ਵਿਰੋਧ ਨੂੰ ਦਰਕਿਨਾਰ ਕਰਕੇ ਮੁੜ ’ਵਰਸਿਟੀ ਦਾ ਚਾਰਜ਼ ਸੰਭਾਲ ਦਿਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਪਸ਼ਟ ਕਰੇ ਕਿ ਡਾ. ਆਹਲੂਵਾਲੀਆ ਦੀ ਸਿੱਖ ਕੌਮ ਨੂੰ ਕੀ ਦੇਣ ਹੈ? ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਖਾਲਸਾ ਐਕਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖਾਲਸਾ ਆਦਿ ਪੰਥਕ ਜਥੇਬੰਦੀਆਂ ਦੀ ਇਕ ਇੱਕਤਰਤਾ ਪੰਚ ਪ੍ਰਧਾਨੀ ਦਫਤਰ ਲੁਧਿਆਣਾ ਵਿਖੇ 9 ਫਰਵਰੀ ਨੂੰ ਰੱਖੀ ਗਈ ਹੈ। ਜਿਸ ਵਿਚ ਆਹਲੂਵਾਲੀਆ ਦੀ ਦੁਬਾਰਾ ਨਿਯੁੱਕਤੀ ਕੀਤੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਤੇ ਇਸ ਸਬੰਧੀ ਉਕਤ ਜਥੇਬੰਦੀਆਂ ਵਲੋਂ ਇਕ ਸਾਂਝਾ ਐਕਸ਼ਨ ਪ੍ਰੋਗਰਾਮ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਪੰਥਕ ਜਥੇਬੰਦੀਆਂ ਵੀ.ਸੀ. ਦੀ ਨਿਯੁੱਕਤੀ ਰੱਦ ਕੀਤੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੀਆ । ਉਨ੍ਹਾਂ ਕਿਹਾ ਕਿ ਜਦੋਂ ਸਮੁੱਚਾ ਸਿੱਖ ਪੰਥ ਵੀ.ਸੀ. ਆਹਲੂਵਾਲੀਆ ਦੀ ਨਿਯੁੱਕਤੀ ਦੇ ਵਿਰੋਧ ਵਿਚ ਖੜਾ ਹੈ ਤਾਂ ਪ੍ਰਕਾਸ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਉਸ ਨੂੰ ਦੁਬਾਰਾ ਵੀ.ਸੀ. ਦੇ ਆਹੁੱਦੇ ਤੇ ਬਿਠਾਉਣ ਲਈ ਬਜ਼ਿੱਦ ਕਿਉਂ ਹਨ? ਇਸ ਮੋਕੇ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰਮਹੁੰਮਦ ਨੇ ਕਿਹਾ ਕਿ ਛੁੱਟੀ ਵਾਲੇ ਦਿਨ ਡਾ. ਆਹਲੂਵਾਲੀਆ ਨੇ ਚੋਰਾਂ ਵਾਂਗ ਯੂਨੀਵਰਸਿਟੀ ਜਾ ਕੇ ਵੀ.ਸੀ. ਦਾ ਦੁਬਾਰਾ ਆਹੁੱਦਾ ਸੰਭਾਲਿਆ ਹੈ, ਜਿਸ ਨੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾ. ਆਹਲੂਵਾਲੀਆ ਦੀ ਨਿਯੁੱਕਤੀ ਸ਼ੁਰੂ ਤੋਂ ਹੀ ਵਿਵਾਦਗ੍ਰਸਤ ਰਹੀ ਹੈ ਤੇ ਸ. ਬਾਦਲ ਵਲੋਂ ਉਸ ਨੂੰ ਮੁੜ ਵੀ.ਸੀ. ਦੇ ਅਹੁੱਦੇ ਤੇ ਨਿਯੁੱਕਤ ਕਰਨ ਨਾਲ ਜਿੱਥੇ ਯੂਨੀਵਰਸਿਟੀ ਦਾ ਮਾਹੌਲ ਖਰਾਬ ਹੋਵੇਗਾ, ਉਥੇ ਇਕ ਵਾਰ ਫਿਰ ਪੰਥਕ ਜਥੇਬੰਦੀਆਂ ਨਾਲ ਅਕਾਲੀ-ਭਾਜਪਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟਕਰਾਅ ਪੈਦਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਆਚਰਣਹੀਨਤਾ ਦੇ ਕਿਸੇ ਦੋਸ਼ੀ ਨੂੰ ਸ਼ਬਦ ਗੁਰੂ ਦੇ ਨਾਂ ਵਾਲੀ ਸੰਸਥਾ ਦੇ ਅਹਿਮ ਆਹੁਦੇ ’ਤੇ ਬਿਠਾਉਣਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਕਤ ਪੰਥਕ ਜਥੇਬੰਦੀਆਂ ਦੇ ਨੇਤਾਵਾਂ ਨੇ ਸ. ਪ੍ਰਕਾਸ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਡਾ. ਆਹਲੂਵਾਲੀਆ ਦੀ ਨਿਯੁੱਕਤੀ ਨੂੰ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਕਰਨਗੇ ਤੇ ਇਸ ਸਬੰਧੀ ਨਿਕਲਣ ਵਾਲੇ ਭਿਆਨਕ ਸਿੱਟਿਆਂ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ। ਜਦੋਂ ਇਸ ਸਬੰਧੀ ਵੀ.ਸੀ. ਡਾ. ਆਹਲੂਵਾਲੀਆਂ ਨਾਲ ਸੰਪਰਕ ਕੀਤਾ ਗਿਆਂ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੱਲ 6:30 ਵਜੇ ਯੂਨੀਵਰਸਿਟੀ ਦਾ ਦੁਬਾਰਾ ਚਾਰਜ਼ ਸੰਭਾਲ ਲਿਆ ਹੈ ਤੇ ਅੱਜ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਹਨ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਯੂਨੀਵਰਸਿਟੀ ਦੀ ਬਹਿਤਰੀ ਲਈ ਉਹ ਕੀ ਕਦਮ ਚੁੱਕ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਅਜੇ ਉਹ ਤਿੰਨ ਚਾਰ ਦਿਨ ਪਿਛਲੇ ਸਮੇਂ ਵਿਚ ਹੋਏ ਕੰਮਾਂ ਕਾਰਾਂ ਦਾ ਹੀ ਜਾਇਜ਼ਾ ਲੈਣਗੇ ਤੇ ਫਿਰ ਹੀ ਭਵਿਖੀ ਪ੍ਰੋਗਰਾਮਾਂ ਦੀ ਵਿਉਤਬੰਦੀ ਕਰਨਗੇ।
|
Total Views: 17905 |