|
ਕਸ਼ਮੀਰ ਵਾਦੀ 'ਚ ਭਾਰੀ ਬਰਫਬਾਰੀ
Date: Feb 06, 2012
ਸ਼੍ਰੀਨਗਰ/ਜਲੰਧਰ, 6 ਫਰਵਰੀ (ਏਜੰਸੀਆਂ)¸ ਕਸ਼ਮੀਰ ਵਾਦੀ ਵਿਚ ਬੀਤੇ 24 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਹੋਣ ਕਾਰਨ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ, ਜਦੋਂਕਿ ਪੰਜਾਬ ਅਤੇ ਹਰਿਆਣਾ ਵਿਚ ਹਲਕੀ ਵਰਖਾ ਹੋਣ ਨਾਲ ਤਾਪਮਾਨ ਵਧ ਗਿਆ ਹੈ। ਕਸ਼ਮੀਰ ਵਾਦੀ 'ਚ ਭਾਰੀ ਬਰਫਬਾਰੀ ਕਾਰਨ ਕਈ ਉਡਾਨਾਂ ਨੂੰ ਰੱਦ ਕਰਨਾ ਪਿਆ ਹੈ। ਸ਼੍ਰੀਨਗਰ-ਜੰਮੂ ਜਰਨੈਲੀ ਸੜਕ ਨੂੰ ਐਤਵਾਰ ਸਵੇਰੇ ਆਵਾਜਾਈ ਲਈ ਬੰਦ ਕਰਨਾ ਪਿਆ। ਗੁਲਮਰਗ ਵਿਖੇ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤਕ 14 ਇੰਚ ਬਰਫ ਪੈ ਚੁੱਕੀ ਸੀ। ਇਥੇ ਘੱਟੋ-ਘੱਟ ਤਾਪਮਾਨ ਮਨਫੀ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼੍ਰੀਨਗਰ ਵਿਖੇ ਵੀ ਐਤਵਾਰ ਸਵੇਰੇ ਹਲਕੀ ਬਰਫਬਾਰੀ ਹੋਈ। ਇਥੇ 16.6 ਮਿਲੀਮੀਟਰ ਮੀਂਹ ਵੀ ਪਿਆ। ਇਸ ਬਰਫਬਾਰੀ ਕਾਰਨ ਘੱਟੋ-ਘੱਟ ਤਾਪਮਾਨ ਮਨਫੀ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਹਿਲਗਾਂਵ ਵਿਖੇ ਵੀ ਸ਼ਨੀਵਾਰ ਦੀ ਪੂਰੀ ਰਾਤ ਬਰਫ ਪੈਂਦੀ ਰਹੀ। ਐਤਵਾਰ ਸਵੇਰੇ 8.30 ਵਜੇ ਤਕ ਇਥੇ 23.4 ਮਿਲੀਮੀਟਰ ਮੀਂਹ ਪਿਆ। ਕਸ਼ਮੀਰ ਵਾਦੀ ਦੇ ਕੁਪਵਾੜਾ ਵਿਖੇ 33 ਮਿਲੀਮੀਟਰ ਮੀਂਹ ਪਿਆ। ਲੇਹ ਵਿਖੇ ਐਤਵਾਰ ਸਵੇਰੇ ਘੱਟੋ-ਘੱਟ ਤਾਪਮਾਨ ਮਨਫੀ 7.4 ਸੀ। ਸ਼੍ਰੀਨਗਰ ਦੇ ਲੋਕ ਜਦੋਂ ਐਤਵਾਰ ਸਵੇਰੇ ਉਠੇ ਤਾਂ ਪੂਰੇ ਖੇਤਰ 'ਚ ਬਰਫ ਪਈ ਦੇਖੀ। ਮੌਸਮ ਵਿਭਾਗ ਮੁਤਾਬਕ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਸੂਰਜ ਅਤੇ ਬੱਦਲਾਂ ਵਿਚ ਲੁਕਣਮੀਟੀ ਦੀ ਖੇਡ ਚਲਦੀ ਰਹੀ। ਮੌਸਮ ਵਿਭਾਗ ਨੇ ਤਾੜਨਾ ਕੀਤੀ ਹੈ ਕਿ ਅਰਬ ਸਾਗਰ, ਅਫਗਾਨਿਸਤਾਨ ਅਤੇ ਪਾਕਿਸਤਾਨ ਵਲੋਂ ਬਣੀ 'ਪੱਛਮੀ ਗੜਬੜ' ਵਾਲੀ ਸਥਿਤੀ ਕਾਰਨ ਕਸ਼ਮੀਰ ਵਾਦੀ ਵਿਚ ਅਗਲੇ ਦੋ ਦਿਨ ਤਕ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋ ਸਕਦੀ ਹੈ।
ਪੰਜਾਬ ਅਤੇ ਹਰਿਆਣਾ ਵਿਚ ਕਈ ਥਾਈਂ ਮੀਂਹ ਪਿਆ ਪਰ ਇਸ ਕਾਰਨ ਘੱਟੋ-ਘੱਟ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਗਿਆ। ਅੰਮ੍ਰਿਤਸਰ ਵਿਖੇ ਘੱਟੋ-ਘੱਟ 8.4 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ 3 ਡਿਗਰੀ ਵਧ ਹੈ। ਹਰਿਆਣਾ ਦੇ ਭਿਵਾਨੀ ਵਿਖੇ ਘੱਟੋ-ਘੱਟ ਤਾਪਮਾਨ 9.4, ਰੋਹਤਕ ਵਿਖੇ 9.3 ਅਤੇ ਹਿਸਾਰ ਵਿਖੇ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਵਿਖੇ ਵੀ ਇਹੀ ਤਾਪਮਾਨ 10.8 ਡਿਗਰੀ ਸੀ, ਜੋ ਆਮ ਨਾਲੋਂ ਤਿੰਨ ਡਿਗਰੀ ਵਧ ਹੈ। ਪਟਿਆਲਾ ਵਿਖੇ ਘੱਟੋ-ਘੱਟ ਤਾਪਮਾਨ 11.2 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਚਾਰ ਡਿਗਰੀ ਵਧ ਹੈ। ਚੰਡੀਗੜ੍ਹ ਵਿਖੇ 12.2 ਡਿਗਰੀ ਸੈਲਸੀਅਸ ਤਾਪਮਾਨ ਸੀ। ਲੁਧਿਆਣਾ ਵਿਚ 14.1, ਬਲਾਚੌਰ ਵਿਖੇ 11.3, ਗੜ੍ਹਸ਼ੰਕਰ ਵਿਖੇ 6, ਸਮਰਾਲਾ ਵਿਖੇ 6, ਰੋਪੜ ਵਿਖੇ 4, ਚੰਡੀਗੜ੍ਹ ਵਿਖੇ 2.8, ਪਟਿਆਲਾ ਵਿਖੇ 0.5 ਅਤੇ ਕਰਨਾਲ ਵਿਖੇ 0.4 ਐੱਮ. ਐੱਮ. ਵਰਖਾ ਦਰਜ ਕੀਤੀ ਗਈ। ਜਲੰਧਰ ਵਿਖੇ ਇਸ ਸਮੇਂ ਦੌਰਾਨ ਹਲਕੀ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਦੀ ਸ਼ਾਮ ਤਕ ਮੌਸਮ ਆਮ ਤੌਰ 'ਤੇ ਸਾਫ ਰਹੇਗਾ ਪਰ ਵੱਧ ਤੋਂ ਵੱਧ ਤਾਪਮਾਨ ਵਧੇਗਾ।
|
Total Views: 17886 |