|
ਪੰਕਜ ਪਚੌਰੀ ਪ੍ਰਧਾਨ ਮੰਤਰੀ ਦੇ ਨਵੇਂ ਸੰਚਾਰ ਸਲਾਹਕਾਰ
Date: Jan 20, 2012
ਨਵੀਂ ਦਿੱਲੀ, 19 ਜਨਵਰੀ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਵਜੋਂ ਕੰਮ ਕਰਨ ਵਾਲੇ ਹਰੀਸ਼ ਖਰੇ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸਕੱਤਰੇਤ (ਪੀ.ਐਮ.ਓ.) ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਲਈ ਕੰਮ ਕੀਤਾ। ਪੀ.ਐਮ.ਓ. ਵਿੱਚ ਟੀ.ਵੀ. ਪੱਤਰਕਾਰ ਪੰਕਜ ਪਚੌਰੀ ਦੀ ਜਨ ਸੰਚਾਰ ਸਲਾਹਕਾਰ ਵਜੋਂ ਨਿਯੁਕਤੀ ਤੋਂ ਕੁਝ ਘੰਟਿਆਂ ਬਾਅਦ ਹੀ 65 ਸਾਲਾ ਖਰੇ ਨੇ ਅਸਤੀਫਾ ਦਿੱਤਾ।
ਸ੍ਰੀ ਖਰੇ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਅਸਤੀਫਾ ਭੇਜ ਦਿੱਤਾ ਹੈ ਤੇ ਆਪਣੇ ਨਾਲ ਕੰਮ ਕਰਨ ਦਾ ਮੌਕਾ ਦੇਣ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ।’’ ਜੂਨ 2009 ਵਿੱਚ ਪੀ.ਐਮ.ਓ. ਵਿੱਚ ਨਿਯੁਕਤੀ ਤੋਂ ਪਹਿਲਾਂ ਉਹ ਦਿ ਹਿੰਦੂ ਦੇ ਨਵੀਂ ਦਿੱਲੀ ਵਿੱਚ ਐਸੋਸੀਏਟ ਐਡੀਟਰ ਤੇ ਚੀਫ ਆਫ ਬਿਊਰੋ ਸਨ। ਉਹ ਅਹਿਮਦਾਬਾਦ ਵਿੱਚ ਟਾਈਮਜ਼ ਆਫ ਇੰਡੀਆ ਦੇ ਰੈਜੀਡੈਂਟ ਐਡੀਟਰ ਵਜੋਂ ਵੀ ਕੰਮ ਕਰ ਚੁੱਕੇ ਹਨ। ਮੀਡੀਆ ਸਲਾਹਕਾਰ ਨੂੰ ਭਾਰਤ ਸਰਕਾਰ ਦੇ ਸਕੱਤਰ ਰੈਂਕ ਦਾ ਗਿਣਿਆ ਜਾਂਦਾ ਹੈ। ਪੀ.ਐਮ.ਓ. ਨੇ ਅੱਜ ਐਲਾਨ ਕੀਤਾ ਕਿ ਐਨ.ਡੀ.ਟੀ.ਵੀ. ਇੰਡੀਆ ਦੇ 48 ਸਾਲਾ ਮੈਨੇਜਿੰਗ ਐਡੀਟਰ ਪੰਕਜ ਪਚੌਰੀ ਹੁਣ ਪ੍ਰਧਾਨ ਮੰਤਰੀ ਸਕੱਤਰੇਤ ਨੂੰ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਬਾਰੇ ਸਲਾਹ ਦੇਣਗੇ।- ਪੀ.ਟੀ.ਆਈ
|
Total Views: 8992 |