|
ਮੁਸ਼ੱਰਫ ਵੱਲੋਂ ਵਤਨ ਵਾਪਸੀ ਦੀ ਯੋਜਨਾ ਮੁਲਤਵੀ
Date: Jan 20, 2012
ਇਸਲਾਮਾਬਾਦ, 19 ਜਨਵਰੀ-(ਪ,ਪ)
ਸਰਕਾਰ ਵੱਲੋਂ ਦੇਸ਼ ਪੁੱਜਦਿਆਂ ਹੀ ਗ੍ਰਿਫਤਾਰ ਕਰ ਲਏ ਜਾਣ ਦੀਆਂ ਚੇਤਾਵਨੀਆਂ ਮਿਲਣ ਮਗਰੋਂ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਦੇਸ਼ ਪਰਤਣ ਦੀ ਆਪਣੀ ਯੋਜਨਾ ਅੱਜ ਅੱਗੇ ਪਾ ਦਿੱਤੀ। ਸਵੈ-ਜਲਾਵਤਨੀ ਕੱਟ ਰਹੇ ਮੁਸ਼ੱਰਫ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਆਗੂਆਂ ਅਤੇ ਦੋਸਤਾਂ-ਮਿੱਤਰਾਂ ਨਾਲ ਸਲਾਹ ਕਰਨ ਮਗਰੋਂ ਮੁਸ਼ੱਰਫ ਨੇ ਇਸ ਮਹੀਨੇ ਦੇ ਅੰਤ ’ਚ ਦੇਸ਼ ਪਰਤਣ ਦੀ ਆਪਣੀ ਯੋਜਨਾ ਹਾਲੇ ਅੱਗੇ ਪਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਦੇ ਤਰਜਮਾਨ ਮੁਹੰਮਦ ਅਲੀ ਸੈਫ ਨੇ ਕਿਹਾ ਕਿ ਮੁਸ਼ੱਰਫ ਇਸ ਮਹੀਨੇ ਦੇ ਅਖੀਰ ’ਚ ਪਾਕਿਸਤਾਨ ਨਹੀਂ ਪਰਤ ਰਹੇ। ਉਨ੍ਹਾਂ ਦੇ ਨੇੜਲੇ ਮਿੱਤਰ ਉਨ੍ਹਾਂ ਨੂੰ ਹਾਲੇ ਪਾਕਿਸਤਾਨ ਨਾ ਆਉਣ ਦੀ ਸਲਾਹ ਦੇ ਰਹੇ ਹਨ।
ਇਸ ਘਟਨਾ ਨੂੰ ਹਾਂਦਰੂ ਰੁੱਖ ਪੇਸ਼ ਕਰਦਿਆਂ ਸੈਫ ਨੇ ਦੱਸਿਆ ਕਿ ਮੁਸ਼ੱਰਫ ਨੂੰ ਉਨ੍ਹਾਂ ਦੇ ਸਲਾਹਕਾਰਾਂ ਨੇ ਸਲਾਹ ਦਿੱਤੀ ਹੈ ਕਿ ਜੇਕਰ ਉਹ ਇਸ ਵੇਲੇ ਦੇਸ਼ ਪਰਤਦੇ ਹਨ ਤਾਂ ਕਈ ਸੰਕਟਾਂ ’ਚ ਘਿਰੀ ਸਰਕਾਰ ਨੂੰ ਸਗੋਂ ‘ਰਾਹਤ’ ਮਿਲੇਗੀ। 68 ਸਾਲਾ ਮੁਸ਼ੱਰਫ ਨੇ ਇਸ ਮਹੀਨੇ ਦੇ ਸ਼ੁਰੂ ’ਚ ਐਲਾਨ ਕੀਤਾ ਸੀ ਕਿ ਉਹ 27 ਤੋਂ 30 ਜਨਵਰੀ ਦਰਮਿਆਨ ਕਰਾਚੀ ਪੁੱਜਣਗੇ। ਇਸ ਐਲਾਨ ਤੋਂ ਕੁਝ ਦਿਨਾਂ ਮਗਰੋਂ ਹੀ ਸਿੰਧ ਦੇ ਗ੍ਰਹਿ ਮੰਤਰੀ ਮਨਜ਼ੂਰ ਵਾਸਨ ਨੇ ਕਿਹਾ ਸੀ ਕਿ ਜਿਉਂ ਹੀ ਮੁਸ਼ੱਰਫ ਕਰਾਚੀ ਪੁੱਜੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਏਗਾ। ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਵੀ ਕੱਲ੍ਹ ਸੰਸਦ ਦੇ ਉਪਰਲੇ ਸਦਨ ’ਚ ਇਹੋ ਗੱਲ ਦੁਹਰਾਈ ਸੀ। ਮੁਸ਼ੱਰਫ ਦੇ ਤਰਜਮਾਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਅਜਿਹੀਆਂ ਧਮਕੀਆਂ ਜਾਂ ਕੇਸਾਂ ਤੋਂ ਨਹੀਂ ਡਰਦੇ, ਕਿਉਂਕਿ ਸਰਕਾਰ ਨੂੰ ਉਨ੍ਹਾਂ ਦੇ ਰੁਤਬੇ ਤੇ ਕਾਨੂੰਨ ਮੁਤਾਬਕ ਹੀ ਉਨ੍ਹਾਂ ਨਾਲ ਵਰਤਾਓ ਕਰਨਾ ਪਏਗਾ। -ਪੀ.ਟੀ.ਆਈ.
|
Total Views: 8985 |