|
ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦਾ ਵਿਕਾਸ ਰੋਕਿਆ: ਸੋਨੀਆ ਗਾਂਧੀ
Date: Jan 20, 2012
ਕਪੂਰਥਲਾ, 19 ਜਨਵਰੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਪੂਰਥਲਾ ਵਿਖੇ ਮਹਿਲਾ ਕਾਂਗਰਸੀ ਆਗੂਆਂ ਨਾਲ ਗੁਫ਼ਤਗੂ ਕਰਦੇ ਹੋਏ (ਫੋਟੋ: ਮਲਕੀਅਤ ਸਿੰਘ)
ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਚੋਣ ਪ੍ਰਚਾਰ ਲਈ ਪੰਜਾਬ ਦੌਰੇ ’ਤੇ ਆਈ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਨੇ ਕਪੂਰਥਲਾ ਵਿਖੇ 11 ਵਿਧਾਨ ਸਭਾ ਹਲਕਿਆਂ ਦੀ ਸਾਂਝੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਕਾਲੀ-ਭਾਜਪਾ ਦੀ ਅਗਵਾਈ ਵਿੱਚ ਬਹੁਤ ਪਛੜ ਗਿਆ ਹੈ ਤੇ ਹੁਣ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨਾਲ ਹੀ ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜ ਸਾਲਾਂ ਵਿੱਚ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਇਹ ਸਰਕਾਰ ਵਿਕਾਸ ਵਿੱਚ ਰੁਕਾਵਟ ਬਣੀ ਰਹੀ ਹੈ ਕਿਉਂਕਿ ਇਸਨੇ ਕੇਂਦਰੀ ਯੋਜਨਾਵਾਂ ਨੂੰ ਲਾਗੂ ਨਹੀਂ ਕੀਤਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੂਪੀਏ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਦਿੱਤੇ ਜੋ ਪੰਜਾਬ ਦੇ ਲੋਕਾਂ ਤੱਕ ਨਹੀਂ ਪੁੱਜੇ। ਮੌਜੂਦਾ ਪੰਜਾਬ ਸਰਕਾਰ ਦੀਆਂ ਖਰਾਬ ਨੀਤੀਆਂ ਕਾਰਨ ਬੇਰੁਜ਼ਗਾਰੀ, ਨਸ਼ਾਖੋਰੀ ਵੱਧ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚ ਮਹਿਲਾਵਾਂ ’ਤੇ ਜਿੱਥੇ ਜ਼ੁਲਮ ਵਧੇ ਉੱਥੇ ਉਹ ਹੋਰ ਪੱਛੜ ਗਈਆਂ ਹਨ। ਇਸ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਨਹੀਂ ਰੱਖਿਆ। ਪੰਜ ਸਾਲਾਂ ਵਿੱਚ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਨਜ਼ਦੀਕੀਆਂ ਨੂੰ ਹੀ ਲਾਭ ਮਿਲਿਆ ਹੈ। ਨਰੇਗਾ ਅਧੀਨ ਪੰਜਾਬ ਨੂੰ ਪੰਜ ਹਜ਼ਾਰ ਕਰੋੜ ਰੁਪਏ ਦੇ ਫੰਡ ਦਿੱਤੇ ਗਏ ਜਿਸ ਵਿੱਚੋਂ ਮੌਜੂਦਾ ਪੰਜਾਬ ਸਰਕਾਰ ਨੇ ਨਰੇਗਾ ਸਕੀਮ ਲਈ ਸਿਰਫ 526 ਕਰੋੜ ਰੁਪਏ ਹੀ ਖਰਚ ਕੀਤੇ ਹਨ।
ਸ੍ਰੀਮਤੀ ਗਾਂਧੀ ਨੇ ਕਿਹਾ ਇਹ ਸੱਤਾ ਦੀ ਲੜਾਈ ਨਾ ਹੋ ਕੇ ਵਿਚਾਰਧਾਰਾ ਦੀ ਲੜਾਈ ਹੈ। ਅਕਾਲੀ-ਭਾਜਪਾ ਖੁਦਗਰਜ਼ੀ ਦਾ ਗਠਜੋੜ ਹੈ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਰਾਸ਼ਟਰੀ ਬੀਮਾ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਨਾਲ ਤਰੱਕੀ ਅਤੇ ਖੁਸ਼ਹਾਲੀ ਵਧੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਲਿਆਉਣ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਸਾਰੇ ਕਿਸਾਨਾਂ ਦੀ ਫਸਲ ਦਾ ਬੀਮਾ ਕੀਤਾ ਜਾਵੇਗਾ ਤੇ ਪੈਨਸ਼ਨਰਾਂ ਦਾ ਪੈਨਸ਼ਨ ਦੁੱਗਣੀ ਕੀਤੀ ਜਾਵੇਗੀ। ਇਸ ਰੈਲੀ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਗੁਲਚੈਨ ਸਿੰਘ ਚੜਕ ਨੇ ਵੀ ਸੰਬੋਧਨ ਕੀਤਾ। ਅੱਜ ਦੀ ਇਸ ਰੈਲੀ ਵਿੱਚ ਬੀਬੀ ਰਜਿੰਦਰ ਕੌਰ ਭੱਠਲ, ਚੌਧਰੀ ਜਗਜੀਤ ਸਿੰਘ , ਰਾਣਾ ਗੁਰਜੀਤ ਸਿੰਘ , ਜਗਬੀਰ ਸਿੰਘ ਬਰਾੜ, ਰਮਨਜੀਤ ਸਿੰਘ ਸਿਕੀ, ਸਤਨਾਮ ਸਿੰਘ ਕੈਥ , ਅਮਰਜੀਤ ਸਿੰਘ ਸਮਰਾ, ਚੌਧਰੀ ਸੰਤੋਖ ਸਿੰਘ, ਸੁਖਪਾਲ ਸਿੰਘ ਖਹਿਰਾ, ਨਵਤੇਜ ਸਿੰਘ ਚੀਮਾ ਅਤੇ ਕਪੂਰਥਲਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਐਚ.ਐਸ. ਪਰਮਾਰ ਹਾਜ਼ਰ ਸਨ।
|
Total Views: 9108 |