|
ਚੋਣ ਕਮਿਸ਼ਨ ਵੱਲੋਂ 999 ਸੰਵੇਦਨਸ਼ੀਲ ਖੇਤਰਾਂ ਦੀ ਸ਼ਨਾਖਤ
Date: Jan 20, 2012
ਚੰਡੀਗੜ੍ਹ, 19 ਜਨਵਰੀ
30 ਜਨਵਰੀ ਨੂੰ ਚੋਣ ਪ੍ਰਕਿਰਿਆ ਦਾ ਹੋਵੇਗਾ ਵੈਬ-ਕਾਸਟਿੰਗ ਰਾਹੀਂ ਸਿੱਧਾ ਪ੍ਰਸਾਰਨ
ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ 999 ਅਜਿਹੇ ਇਲਾਕਿਆਂ ਦੀ ਸ਼ਨਾਖ਼ਤ ਹੋਈ ਹੈ ਜਿੱਥੇ ਬਾਹੂਬਲੀ ਅਤੇ ਰਸੂਖਵਾਨ ਵਿਅਕਤੀਆਂ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਜਾਂ ਡਰਾਉਣ ਧਮਕਾਉਣ ਦੀ ਸੰਭਾਵਨਾ ਹੈ। ਇਹ ਤੱਥ ਚੋਣ ਕਮਿਸ਼ਨ ਵੱਲੋਂ ਕਰਵਾਏ ਗਏ ਵਿਸ਼ੇਸ਼ ਸਰਵੇਖਣ ਦੌਰਾਨ ਸਾਹਮਣੇ ਆਏ ਹਨ।
ਅਜਿਹੇ ਇਲਾਕਿਆਂ ਵਿੱਚ ਗੁਰਦਾਸਪਰ ਜ਼ਿਲ੍ਹਾ ਮੋਹਰੀ ਹੈ। ਇਸ ਜ਼ਿਲ੍ਹੇ ਵਿੱਚ 457 ਸੰਵੇਦਨਸ਼ੀਲ ਕੇਂਦਰਾਂ ਦੀ ਸ਼ਨਾਖ਼ਤ ਹੋਈ ਹੈ। ਮੋਗਾ ਜ਼ਿਲ੍ਹੇ ਦਾ ਦੂਜਾ ਨੰਬਰ ਹੈ ਜਿੱਥੇ ਅਜਿਹੇ128 ਇਲਾਕੇ ਹਨ। ਅੰਮ੍ਰਿਤਸਰ ਵਿੱਚ 113, ਜਲੰਧਰ ਵਿੱਚ 97, ਹੁਸ਼ਿਆਰਪੁਰ ’ਚ 32, ਨਵਾਂ ਸ਼ਹਿਰ ’ਚ 19, ਰੋਪੜ ’ਚ 20, ਮੁਹਾਲੀ ’ਚ 10, ਲੁਧਿਆਣਾ ’ਚ 34, ਮਾਨਸਾ ’ਚ 27, ਬਰਨਾਲਾ ’ਚ 37, ਸੰਗਰੂਰ ’ਚ 19, ਫਿਰੋਜ਼ਪੁਰ ’ਚ 2 ਤੇ ਫਾਜ਼ਿਲਕਾ ’ਚ 3 ਸੰਵੇਦਨਸ਼ੀਲ ਇਲਾਕੇ ਹਨ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਜਾਬ ਵਿੱਚ ਇਹ ਸਰਵੇਖਣ ਪਹਿਲੀ ਵਾਰੀ ਕੀਤਾ ਗਿਆ ਹੈ ਤੇ ਚੋਣ ਕਮਿਸ਼ਨ ਨੇ ਉਕਤ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਨਿਗਰਾਨੀ ਲਈ ਨੀਮ ਸੁਰੱਖਿਆ ਤੇ ਮਾਈਕਰੋ ਆਬਜ਼ਰਵਰ ਤਾਇਨਾਤ ਕੀਤੇ ਹਨ । ਇਨ੍ਹਾਂ ਕੇਂਦਰਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਤਾਂ ਜੋ ਵੋਟਰ ਨਿਰਭੈਅ ਹੋ ਕੇ ਵੋਟ ਦਾ ਪ੍ਰਯੋਗ ਕਰ ਸਕਣ।
ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਸੂਬੇ ਦੇ 999 ਇਲਾਕਿਆਂ ਵਿੱਚ ਅਜਿਹੇ ਰਸੂਖਵਾਨ ਵਿਅਕਤੀਆਂ ਦਾ ਦਬਦਬਾ ਹੈ। ਇੱਥੇ ਵੋਟਰ ਇਨ੍ਹਾਂ ਦੇ ਪ੍ਰਭਾਵ ਹੇਠ ਹਨ ਤੇ ਆਜ਼ਾਦ ਤੌਰ ’ਤੇ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਝਿਜਕਦੇ ਹਨ। ਚੋਣ ਕਮਿਸ਼ਨ ਨੇ ਸੂਬਾਈ ਪੁਲੀਸ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਹਨ ਕਿ ਜਿਨ੍ਹਾਂ ਬਾਹੂਬਲੀਆਂ ਦਾ ਨਾਮ ਕਿਸੇ ਵੀ ਫੌਜਦਾਰੀ ਮਾਮਲੇ ਵਿੱਚ ਆਉਂਦਾ ਹੈ ਉਨ੍ਹਾਂ ਨੂੰ ਸਲਾਖਾਂ ਪਿੱਛੇ ਕਰ ਦਿੱਤਾ ਜਾਵੇ।
ਇਸੇ ਦੌਰਾਨ ਕਮਿਸ਼ਨ ਨੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਨੀਮ ਸੁਰੱਖਿਆ ਬਲਾਂ ਦੀਆਂ 25 ਹੋਰ ਕੰਪਨੀਆਂ ਤਾਇਨਾਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਹੋਏ ਫੈਸਲੇ ਮੁਤਾਬਕ ਸੂਬੇ ਵਿੱਚ 225 ਕੰਪਨੀਆਂ ਤਾਇਨਾਤ ਕੀਤੀਆਂ ਜਾਣੀਆਂ ਸਨ ਹੁਣ 250 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਪੰਜਾਬ ਨੇ 400 ਕੰਪਨੀਆਂ ਦੀ ਮੰਗ ਕੀਤੀ ਸੀ। ਪੰਜਾਬ ਵਿੱਚ ਹੁਣ ਤੱਕ 169 ਕੰਪਨੀਆਂ ਪਹੁੰਚ ਚੁੱਕੀਆਂ ਹਨ ਤੇ ਭਲਕ ਤੱਕ ਸਾਰੀਆਂ ਕੰਪਨੀਆਂ ਪਹੁੰਚ ਜਾਣਗੀਆਂ।
ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਚੋਣਾਂ ਆਜਾਦ ਤੇ ਨਿਰਪੱਖ ਕਰਵਾਉਣ ਦੇ ਮੰਤਵ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ’ਚ ਪਹਿਲੀ ਵਾਰ 200 ਪੋਲਿੰਗ ਬੂਥਾਂ ’ਤੇ 30 ਜਨਵਰੀ ਨੂੰ ਵੋਟਾਂ ਵਾਲੇ ਦਿਨ ਚੱਲ ਰਹੀ ਚੋਣ ਪ੍ਰਕਿਰਿਆ ਦਾ ਵੈਬ ਕਾਸਟਿੰਗ ਰਾਹੀਂ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਥਾਂ ’ਤੇ ਵੈਬ ਕਾਸਟਿੰਗ ਰਾਹੀਂ ਸਵੇਰੇ 8 ਵਜੇ ਤੋਂ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੱਕ ਸਿੱਧਾ ਪ੍ਰਸਾਰਨ ਹੁੰਦਾ ਰਹੇਗਾ ਤੇ ਇਸ ਲਈ ਰਾਜ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਦੀ ਸਹਾਇਤਾ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 11 ਤਕਨੀਕੀ ਕਾਲਜਾਂ ਨੂੰ ਨਾਲ ਜੋੜਿਆ ਗਿਆ ਹੈ ਤੇ 20 ਵਿਦਿਆਰਥੀ ਹਰ ਬੂਥ ’ਤੇ ਤਾਇਨਾਤ ਹੋਣਗੇ। ਇਨ੍ਹਾਂ ਵਿਦਿਆਰਥੀਆਂ ਨੂੰ ਇੱਕ ਲੈਪਟਾਪ ਤੇ ‘ਵੈਬ ਕੈਮ’ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਿੱਧੇ ਪ੍ਰਸਾਰਨ ਨੂੰ ਕੇਵਲ ਚੋਣ ਕਮਿਸ਼ਨ ਦੇ ਅਧਿਕਾਰੀ ਹੀ ਵੇਖ ਸਕਣਗੇ। ਉਨ੍ਹਾਂ ਕਿਹਾ ਕਿ ਪੇਡ ਨਿਊਜ਼ ਸਬੰਧੀ ਚੋਣ ਕਮਿਸ਼ਨ ਦੀਆਂ ਟੀਮਾਂ ਤਿੱਖੀ ਨਜ਼ਰ ਰੱਖ ਰਹੀਆਂ ਹਨ ਤੇ ਹਰ ਉਮੀਦਵਾਰ ਦੇ ਚੋਣ ਖਰਚ ਸਬੰਧੀ ‘ਸ਼ੈਡੋ ਰਜਿਸਟਰ’ ਤਿਆਰ ਕੀਤਾ ਜਾਵੇਗਾ। ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਪੰਜਾਬ ਊਸ਼ਾ ਆਰ. ਸ਼ਰਮਾ ਨੇ ਦੱਸਿਆ ਕਿ ਮਲੋਟ ਦੇ ਡੀ.ਐਸ.ਪੀ. ਮੁਖਵਿੰਦਰ ਸਿੰਘ ਨੂੰ ਬਦਲ ਕੇ 9 ਵੀਂ ਬਟਾਲੀਅਨ ਪੀ.ਏ.ਪੀ. ਅੰਮ੍ਰਿਤਸਰ ਲਾਇਆ ਗਿਆ ਹੈ ਜਦਕਿ ਮਲੋਟ ਵਿਖੇ ਜਸਵੰਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਹੁਣ ਤੱਕ ਕੁੱਲ 1940 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ’ਚੋਂ 980 ਦਾ ਨਿਬੇੜਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਚੋਣ ਖਰਚਾ ਨਿਗਰਾਨ ਟੀਮਾਂ ਵੱਲੋਂ ਹੁਣ ਤੱਕ 25 ਕਰੋੜ 83 ਲੱਖ 14 ਹਜ਼ਾਰ 445 ਰੂਪਏ ਬਰਾਮਦ ਕੀਤੇ ਗਏ ਹਨ। ਸ਼ਾਂਤੀਪੂਰਨ ਚੋਣਾਂ ਲਈ 1 ਲੱਖ 87 ਹਜ਼ਾਰ 238 ਲਾਈਸੈਂਸੀ ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਤੇ 50 ਨਾਜਾਇਜ਼ ਹਥਿਆਰ ਤੇ 163 ਕਾਰਤੂਸ ਬਰਾਮਦ ਕੀਤੇ ਗਏ ਹਨ।
|
Total Views: 9036 |