|
ਸਾਂਝੇ ਮੋਰਚੇ ਦੀ ਸਰਕਾਰ ਹੀ ਪੰਜਾਬ ’ਚ ਦੇਵੇਗੀ ਰੁਜ਼ਗਾਰ: ਮਨਪ੍ਰੀਤ ਬਾਦਲ
Date: Jan 20, 2012
ਮੁੱਲਾਂਪੁਰ ਦਾਖਾ, 19 ਜਨਵਰੀ -(ਪ,ਪ)
ਹਲਕਾ ਦਾਖਾ ਤੋਂ ਸਾਂਝੇ ਮੋਰਚੇ ਵੱਲੋਂ ਚੋਣ ਲੜ ਰਹੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੇ ਹੱਕ ਵਿੱਚ ਹੋਈ ਚੋਣ ਰੈਲੀ ਦਾ ਇਕ ਦ੍ਰਿਸ਼ (ਫੋਟੋ: ਇੰਦਰਜੀਤ ਵਰਮਾ)
ਸਾਂਝੇ ਮੋਰਚੇ ਦੀ ਸਰਕਾਰ ਆਉਣ ’ਤੇ ਕਿਸੇ ਵੀ ਮਾਂ ਦੇ ਪੁੱਤ ਨੂੰ ਪੰਜਾਬ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਅੱਧੇ ਘੰਟੇ ਵਿੱਚ 28 ਵਿਭਾਗਾਂ ਦੀ ਫਜ਼ੂਲ ਖਰਚੀ ਬੰਦ ਕਰ ਦਿਆਂਗਾ। ਇਨ੍ਹਾਂ ਬਚਣ ਵਾਲੇ ਖਰਚਿਆਂ ਨਾਲ ਸਕੂਲ ਖੋਲ੍ਹ ਕੇ ਪੰਜਾਬ ਦੇ ਕਿਸੇ ਵੀ ਬੱਚੇ ਨੂੰ ਬੇਇਲਮ ਨਹੀਂ ਰਹਿਣ ਦਿਆਂਗਾ। ਇਹ ਵਿਚਾਰ ਸਾਂਝੇ ਮੋਰਚੇ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਦਾਖਾ ਤੋਂ ਸਾਂਝੇ ਮੋਰਚੇ ਵੱਲੋਂ ਚੋਣ ਲੜ ਰਹੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੇ ਹੱਕ ਵਿੱਚ ਮੰਡੀ ਮੁੱਲਾਂਪੁਰ ਵਿੱਖੇ ਰੱਖੀ ਚੋਣ ਰੈਲੀ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ।
ਇਸ ਮੌਕੇ ਉਨ੍ਹਾਂ ‘ਜਾਗ ਪੰਜਾਬ ਜਾਗ ਦੇਸ਼ ਨੂੰ ਤੇਰੇ ਤੋਂ ਬੜੀਆਂ ਉਮੀਦਾਂ ਨੇ’ ਦੇ ਨਾਅਰੇ ਰਾਹੀਂ ਕਿਹਾ ਕਿ ਅੱਜ ਦਾ ਇਨਕਲਾਬ ‘ਖੂਨ ਨਹੀਂ ਵੋਟ’ ਮੰਗਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸਿਆਸੀ ਲੋਕਾਂ ਨੇ ਅੱਜ ਤੱਕ ਸਿਆਸੀ ਟੀਕੇ ਲਾਕੇ ਹੀ ਸੁਆਈ ਰੱਖਿਆ ਹੈ ਕਿਉਂਕਿ ‘ਸਾਡਾ ਪੰਜਾਬ ਗਰੀਬ ਮੁਲਕ ਨਹੀਂ ਪਰ ਸਾਡੀ ਗਰੀਬੀ ਵੀ ਦੂਰ ਨਹੀਂ ਹੁੰਦੀ।’ ਉਨ੍ਹਾਂ ਕਿਹਾ, ‘‘ਮਨਪ੍ਰੀਤ ਬਾਦਲ ਅੱਧੀ ਰੋਟੀ ਤਾਂ ਖਾ ਲਵੇਗਾ ਪਰ ਆਪਣੇ ਪੰਜਾਬ ਦੇ ਲੋਕਾਂ ਨੂੰ ਭੁੱਖਾ ਨਹੀਂ ਮਰਨ ਦੇਵੇਗਾ।’’ ਉਨ੍ਹਾਂ ਇਹ ਵੀ ਕਿਹਾ ਕਿ ਸਾਂਝੇ ਮੋਰਚੇ ਦੀ ਸਰਕਾਰ ਆਉਣ ਉਤੇ ਪੰਜਾਬ ਦਾ ਹਰ ਇਨਸਾਨ ਆਪਣੇ ਆਪ ਨੂੰ ਪੰਜਾਬੀ ਸਰਦਾਰ ਕਹਾਵੇਗਾ ਕਿਉਂਕਿ ਪੰਜਾਬ ਵਿੱਚ ਸਾਂਝੇ ਮੋਰਚੇ ਦੀ ਸਰਕਾਰ ਵਿਚ ਕਿਸੇ ਵੀ ਬੱਚੇ ਨੂੰ ਵਿਦਿਆ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਂਝੇ ਮੋਰਚੇ ਦੀ ਸਰਕਾਰ ਆਉਣ ’ਤੇ ਖੇਡਾਂ ਦੀ ਆੜ ਵਿੱਚ ਬੰਬਈ ਤੋਂ ਨੱਚਣ ਟੱਪਣ ਵਾਲੇ ਮੰਗਵਾ ਕੇ ਕਰੋੜਾਂ ਰੁਪਏ ਨਹੀਂ ਰੋੜ੍ਹੇ ਜਾਣਗੇ।
ਇਸ ਮੌਕੇ ਸਾਂਝੇ ਮੋਰਚੇ ਵਲੋਂ ਹਲਕਾ ਦਾਖਾ ਤੋਂ ਚੋਣ ਲੜ ਰਹੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਹਲਕਾ ਦਾਖਾ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਨਸ਼ੇ ਵੰਡੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਅੱਗੇ ਲਿਆਉਣਾ ਜ਼ਰੂਰੀ ਹੈ ।
ਇਸ ਮੋਕੇ ਸੀ. ਪੀ. ਐਮ. ਦੇ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੋਹਾਂ ਪਾਰਟੀਆਂ ਦੇ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਖੁਦ ਹੀ ਭ੍ਰਿਸ਼ਟਾਚਾਰ ਦੇ ਕੇਸਾ ਵਿੱਚ ਫਸ ਕੇ ਅਦਾਲਤ ਵਿੱਚ ਤਰੀਕਾਂ ਭੁਗਤ ਰਹੇ ਹਨ। ਸੀ.ਪੀ.ਆਈ. ਦੇ ਆਗੂ ਭਰਪੂਰ ਸਿੰਘ ਸਵੱਦੀ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਆਮ ਲੋਕਾਂ ਦਾ ਵਿਕਾਸ ਨਹੀਂ ਹੋਇਆ ਸਗੋਂ ਸਿਰਫ ਸਰਪੰਚਾਂ ਦਾ ਹੀ ਵਿਕਾਸ ਹੋਇਆ ਹੈ । ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾ. ਦਲਬੀਰ ਸਿੰਘ ਦੇਵ, ਜਗਜੀਤ ਸਿੰਘ ਘੁੰਗਰਾਣਾ, ਗੁਰਦੀਪ ਸਿੰਘ ਮੋਤੀ, ਰਜਿੰਦਰ ਸਿੰਘ ਮਾਜਰੀ, ਇਕਬਾਲ ਸਿੰਘ ਰਾਮੂਵਾਲੀਆ, ਰੂਪ ਬਸੰਤ ਸਿੰਘ ਬੜੈਚ, ਤੇਜਾ ਸਿੰਘ ਬੜੈਚ, ਕਾਮਰੇਡ ਤਰਸੇਮ ਜੋਧਾਂ ਆਦਿ ਆਗੂਆਂ ਸ਼ਾਮਲ ਸਨ।
|
Total Views: 9128 |