|
ਬਿਡੇਨ ਵੱਲੋਂ ਪੰਜਾਬੀ ਰੈਸਤਰਾਂ ਦੀ ਫੇਰੀ
Date: Jan 14, 2012
ਵਾਸ਼ਿੰਗਟਨ,January - 14 - 2012
ਅਮਰੀਕੀ ਉਪ-ਰਾਸ਼ਟਰਪਤੀ ਜੋਏ ਬਿਡੇਨ ਪ੍ਰਸਿੱਧ ਭਾਰਤੀ ਰੈਸਤਰਾਂ ‘ਤੇ ਅਚਾਨਕ ਰੁਕੇ। ਭਾਰਤੀ ਰਾਜਨੀਤੀ ਸਬੰਧੀ ਆਪਣੇ ਮੇਜ਼ਬਾਨ ਨਾਲ ਉਹ ਅਜਿਹਾ ਗੱਲਾਂ ਵਿਚ ਰੁੱਝੇ ਕਿ ਹੋਟਲ ਮਾਲਕ ਰਾਜ ਬਰਾੜ ਉਨ੍ਹਾਂ ਨੂੰ ਆਪਣੇ ਹੋਟਲ ਦੀ ਲਜੀਜ਼ ਡਿਸ਼ ਪੇਸ਼ ਕਰਨਾ ਹੀ ਭੁੱਲ ਗਿਆ। ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਇੱਥੇ ਪੁੱਜਣ ਨਾਲ ਹੋਟਲ ਮਾਲਕ ਤੇ ਹੋਰ ਸਟਾਫ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਰਾਜ ਬਰਾੜ ਦਾ ‘ਫਲੇਵਰਜ਼ ਆਫ ਇੰਡੀਆ’ ਨਾਂ ਦਾ ਹੋਟਲ ਓਹੀਓ ਰਾਜ ਦੇ ਕੋਲੰਬਸ ਸ਼ਹਿਰ ਵਿਚ ਸਥਿਤ ਹੈ। ਬਿਡੇਨ ਇੱਥੇ ਸਿਰਫ ਪੰਜ ਤੋਂ ਛੇ ਮਿੰਟ ਤਕ ਰੁਕੇ। ਜਦੋਂ ਹੀ ਉਹ ਹੋਟਲ ਵਿਚ ਦਾਖਲ ਹੋਏ ਤਾਂ ਉਨ੍ਹਾਂ ਰੈਸਟੋਰੈਂਟ ਦੇ ਮਾਲਕ ਨੂੰ ਪੁੱਛਿਆ ਕਿ ਉਹ ਕਿਸ ਦੇਸ਼ ਨਾਲ ਸਬੰਧ ਰੱਖਦਾ ਹੈ ਤਾਂ ਸ੍ਰੀ ਬਰਾੜ ਨੇ ਕਿਹਾ, ”ਪੰਜਾਬ।”
ਸ੍ਰੀ ਬਰਾੜ ਅਨੁਸਾਰ ਉਪ ਰਾਸ਼ਟਰਪਤੀ ਨੇ ਇਸ ਇਲਾਕੇ ਤੇ ਭਾਰਤੀ ਅਮਰੀਕਨਾਂ ਸਬੰਧੀ ਗੱਲਬਾਤ ਕਰਨ ਵਿਚ ਰੁਚੀ ਦਿਖਾਈ। ਬਰਾੜ ਨੂੰ ਇਸ ਗੱਲ ਦਾ ਬੇਹੱਦ ਮਲਾਲ ਹੈ ਕਿ ਉਹ ਆਪਣੇ ਵੱਡੇ ਮੇਜ਼ਬਾਨ ਨੂੰ ਕੁਝ ਖਵਾਉਣਾ ਭੁੱਲ ਹੀ ਗਿਆ।
|
Total Views: 17851 |