|
ਆਰੋਮਾ ਹੋਟਲ ਅੱਗੇ ਐਮ.ਬੀ.ਏ. ਵਿਦਿਆਰਥੀ ਦੀ ਹੱਤਿਆ
Date: Jan 14, 2012
ਚੰਡੀਗੜ੍ਹ, January - 14 - 2012
ਇਥੇ ਸੈਕਟਰ-22 ਸਥਿਤ ਅਰੋਮਾ ਹੋਟਲ ਮੂਹਰੇ ਕੱਲ੍ਹ ਰਾਤ 12 ਵਜੇ ਐਮ.ਬੀ.ਏ. ਦੇ ਵਿਦਿਆਰਥੀ ਹਰਮਿੰਦਰ ਸਿੰਘ (28) ਦੀ 6-7 ਨੌਜਵਾਨਾਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਹਰਮਿੰਦਰ ਸਿੰਘ ਸੈਕਟਰ-55 ਦਾ ਵਸਨੀਕ ਸੀ ਅਤੇ ਛੇ ਮਹੀਨੇ ਪਹਿਲਾਂ ਹੀ ਆਇਰਲੈਂਡ ਤੋਂ ਵਾਪਸ ਆਇਆ ਸੀ। ਮ੍ਰਿਤਕ ਹਰਮਿੰਦਰ ਪੰਜਾਬ ਸਕੱਤਰੇਤ ਦੇ ਸੇਵਾਮੁਕਤ ਸੁਪਰਡੈਂਟ ਚਰਨ ਸਿੰਘ ਮਾਨ ਦਾ ਪੁੱਤਰ ਹੈ। ਪੁਲੀਸ ਨੇ ਦੇਰ ਰਾਤ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ।
ਦੱਸਣਯੋਗ ਹੈ ਕਿ ਆਰੋਮਾ ਚੌਕ ਪੁਆੜੇ ਦੀ ਜੜ੍ਹ ਹੈ ਅਤੇ ਅਰੋਮਾ ਹੋਟਲ ਦੀ ਕੌਫੀ ਸ਼ਾਪ 24 ਘੰਟੇ ਖੁੱਲ੍ਹੀ ਰਹਿਣ ਕਾਰਨ ਇਥੇ ਦੇਰ ਰਾਤ ਫਸਾਦ ਹੋਣੇ ਆਮ ਗੱਲ ਹੈ ਪਰ ਇਸ ਦੇ ਬਾਵਜੂਦ ਅੱਜ ਤੱਕ ਪੁਲੀਸ ਇਥੇ ਲੋੜੀਂਦੇ ਸੁਰੱਖਿਆ ਪ੍ਰਬੰਧ ਨਹੀਂ ਕਰ ਸਕੀ। ਇਸ ਘਟਨਾ ਨਾਲ ਪੁਲੀਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿਉਂਕਿ ਇਸ ਨਾਜ਼ੁਕ ਸਥਾਨ ‘ਤੇ ਸਾਰੀ ਰਾਤ ਪੀ.ਸੀ.ਆਰ. ਦੀ ਜਿਪਸੀ ਖੜ੍ਹੀ ਕਰਨ ਦੇ ਹੁਕਮ ਹਨ ਪਰ ਫਿਰ ਵੀ ਇਹ ਘਟਨਾ ਟਾਲੀ ਨਹੀਂ ਜਾ ਸਕੀ।
ਪੁਲੀਸ ਨੂੰ ਮੌਕੇ ਤੋਂ ਇਕ ਕਾਲੇ ਰੰਗ ਦੀ ਸਕਾਰਪੀਓ ਸੀ.ਐਚ.-01-ਏ.ਸੀ.-0195 ਮਿਲੀ ਹੈ ਅਤੇ ਪੁਲੀਸ ਇਸ ਦੇ ਆਧਾਰ ‘ਤੇ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਅਰੋਮਾ ਹੋਟਲ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਵੀ ਹਾਸਲ ਕਰ ਲਈ ਹੈ। ਇਸ ‘ਚ 6-7 ਮੁੰਡੇ ਹੋਟਲ ‘ਚੋਂ ਆਈਸਕਰੀਮ ਖਰੀਦ ਰਹੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਕਾਲੇ ਰੰਗ ਦੀ ਸਕਾਰਪੀਓ ਸੈਕਟਰ-36 ਏ ਦੇ ਸੁਖਜੀਤ ਸਿੰਘ ਸੂਚ ਨਾਮੀ ਵਿਅਕਤੀ ਦੀ ਹੈ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਪੁਲੀਸ ਅਨੁਸਾਰ ਸਕਾਰਪੀਓ ਦੀ ਆਰ.ਸੀ. ਵਿੱਚ ਦਰਸਾਏ ਪਤੇ ‘ਤੇ ਇਸ ਵੇਲੇ ਸੂਚ ਨਹੀਂ ਰਹਿੰਦਾ ਹੈ। ਪੁਲੀਸ ਨੂੰ ਸਕਾਰਪੀਓ ਵਿੱਚੋਂ ਕੁਝ ਦਸਤਾਵੇਜ਼ ਅਤੇ ਫੋਨ ਨੰਬਰ ਵੀ ਮਿਲੇ ਹਨ ਪਰ ਇਹ ਸਾਰੇ ਨੰਬਰ ਬੰਦ ਪਏ ਹਨ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਐਂਡੇਵਰ ਗੱਡੀ ਵੀ ਉਥੋਂ ਨਿਕਲੀ ਸੀ ਜਿਸ ਦੀ ਪੁਲੀਸ ਤਲਾਸ਼ ਕਰ ਰਹੀ ਹੈ।
ਅਰੋਮਾ ਹੋਟਲ ਦੇ ਸੁਰੱਖਿਆ ਗਾਰਡ ਦਿਲਸ਼ਾਦ ਅਲੀ ਨੇ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਰਾਤ 12 ਵਜੇ ਦੇ ਕਰੀਬ ਇਕ ਵਿਅਕਤੀ ਕਾਲੇ ਰੰਗ ਦੀ ਮਾਰੂਤੀ ਜ਼ੈੱਨ ਕਾਰ ਨੰਬਰ ਸੀ.ਐਚ.-03-ਯੂ-9824 ‘ਚ ਇਥੇ ਆਇਆ ਸੀ। ਉਹ ਹੋਟਲ ਮੂਹਰੇ ਕਾਰ ਖੜ੍ਹੀ ਕਰਕੇ ਖੜ੍ਹਾ ਸੀ ਫਿਰ ਕੁਝ ਮਿੰਟਾਂ ਬਾਅਦ ਹੀ 6-7 ਮੁੰਡੇ ਹੋਟਲ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਦੀ ਇਸ ਵਿਅਕਤੀ ਨਾਲ ਬਹਿਸ ਹੋਈ। ਗਰਮਾ-ਗਰਮੀ ਤੋਂ ਬਾਅਦ ਮੁੰਡਿਆਂ ਨੇ ਉਸ ਨੂੰ ਕੁਟਿਆ ਅਤੇ ਸੜਕ ਪਾਰ ਕਰਕੇ ਪੈਟਰੋਲ ਪੰਪ ਵੱਲ ਚਲੇ ਗਏ। ਇਸੇ ਦੌਰਾਨ ਇਹ ਜ਼ਖ਼ਮੀ ਵਿਅਕਤੀ ਵੀ ਉਨ੍ਹਾਂ ਮੁੰਡਿਆਂ ਪਿਛੇ ਭੱਜਿਆ ਅਤੇ ਉਨ੍ਹਾਂ ਨਾਲ ਬਹਿਸ ਕਰਨ ਲੱਗ ਪਿਆ। ਇਸੇ ਦੌਰਾਨ ਉਨ੍ਹਾਂ 6-7 ਮੁੰਡਿਆਂ ‘ਚੋਂ ਇਕ ਨੇ ਉਸ ਉਪਰ ਕਿਸੇ ਚੀਜ਼ ਨਾਲ ਵਾਰ ਕੀਤਾ ਅਤੇ ਉਹ ਸੜਕ ‘ਤੇ ਡਿੱਗ ਪਿਆ। ਇਸ ਦੌਰਾਨ ਅਰੋਮਾ ਹੋਟਲ ਵਿੱਚ ਆਏ ਸੈਕਟਰ-11 ਦੇ ਇਕ ਵਿਅਕਤੀ ਰੂਹਬੀਰ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਪੁਲੀਸ ਕੰਟਰੋਲਰੂਮ (100) ‘ਚ ਦਿੱਤੀ। ਪੁਲੀਸ ਨੇ ਹਰਮਿੰਦਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਏ.ਐਸ.ਪੀ. (ਕੇਂਦਰੀ) ਦੇਸ ਰਾਜ ਸਿੰਘ ਨੇ ਦੱਸਿਆ ਕਿ ਸੁਰੱਖਿਆ ਗਾਰਡ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਹਰਮਿੰਦਰ ਹੋਟਲ ਵਿਖੇ ਆਇਆ ਸੀ ਤਾਂ ਉਸ ਵੇਲੇ ਉਸ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ 6-7 ਮੁੰਡਿਆਂ ਨਾਲ ਇਸ ਦਾ ਝਗੜਾ ਹੋਇਆ ਤਾਂ ਉਨ੍ਹਾਂ ਮੁੰਡਿਆਂ ‘ਚੋਂ ਕੁਝ ਵਿੱਚ ਪੈ ਕੇ ਇਕ-ਦੂਜੇ ਨੂੰ ਸਮਝਾ ਵੀ ਰਹੇ ਸਨ। ਇਸੇ ਦੌਰਾਨ ਜਦੋਂ ਇਹ ਮੁੰਡੇ ਸੜਕ ਪਾਰ ਕਰਕੇ ਪੈਟਰੋਲ ਪੰਪ ਨੇੜੇ ਖੜ੍ਹੀ ਆਪਣੀ ਗੱਡੀ ਕੋਲ ਪੁੱਜੇ ਤਾਂ ਹਰਮਿੰਦਰ ਹੱਥ ‘ਚ ਡੰਡਾ ਲੈ ਕੇ ਉਨ੍ਹਾਂ ਦੇ ਪਿਛੇ ਦੌੜਿਆ ਅਤੇ ਉਥੇ ਦੋਵਾਂ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਉਹ ਸੜਕ ‘ਤੇ ਡਿੱਗ ਪਿਆ। ਏ.ਐਸ.ਪੀ. ਅਨੁਸਾਰ ਹਰਮਿੰਦਰ ਦੀ ਮੌਤ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਹਰਮਿੰਦਰ ਨੇ ਡੰਡਾ ਆਪਣੀ ਗੱਡੀ ‘ਚੋਂ ਹੀ ਕੱਢਿਆ ਸੀ। ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਅਤੇ ਕੁਝ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਏ.ਐਸ.ਪੀ. ਅਨੁਸਾਰ ਉਨ੍ਹਾਂ ਨੂੰ ਘਟਨਾ ਮੌਕੇ ਤੇਜ਼ ਰਫ਼ਤਾਰ ਨਿਕਲੀ ਐਂਡੇਵਰ ਗੱਡੀ ਦੀ ਵੀ ਭਾਲ ਹੈ। ਉਨ੍ਹਾਂ ਦੱਸਿਆ ਕਿ ਜਾਪਦਾ ਹੈ ਕਿ ਇਸ ਘਟਨਾ ਤੋਂ ਬਾਅਦ ਮੁਲਜ਼ਮ ਆਪਣੀ ਸਕਾਰਪੀਓ ਉਥੇ ਹੀ ਛੱਡ ਕੇ ਭੱਜ ਗਏ ਸਨ।
ਇਸ ਸਬੰਧੀ ਹਰਮਿੰਦਰ ਦੇ ਛੋਟੇ ਭਰਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਉਸ ਦੇ ਭਰਾ ਨੇ ਵਰਤ ਰੱਖਿਆ ਸੀ ਜਿਸ ਕਾਰਨ ਉਸ ਦੇ ਸ਼ਰਾਬ ਪੀਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਨੇ ਦੱਸਿਆ ਕਿ ਹਰਮਿੰਦਰ ਕੱਲ੍ਹ ਸ਼ਾਮ 6.30 ਵਜੇ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਮੁਹਾਲੀ ਵਿਖੇ ਆਪਣੇ ਇਕ ਦੋਸਤ ਦੇ ਘਰ ਪਾਰਟੀ ‘ਤੇ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੇ ਭਰਾ ਦੀ ਗੱਡੀ ‘ਚ ਰਾਡ ਜਾਂ ਡੰਡਾ ਹੋਣ ਦੀ ਗੱਲ ਵੀ ਸੱਚ ਨਹੀਂ ਹੈ। ਮ੍ਰਿਤਕ ਦੇ ਰਿਸ਼ਤੇਦਾਰ ਸਪਨਦੀਪ ਸਿੰਘ ਨੇ ਦੱਸਿਆ ਕਿ ਹਰਮਿੰਦਰ 24 ਮਾਰਚ,2010 ਨੂੰ ਐਮ.ਬੀ.ਏ. ਕਰਨ ਆਇਰਲੈਂਡ ਗਿਆ ਸੀ। ਉਥੇ ਜ਼ਿਆਦਾ ਠੰਡ ਪੈਣ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ ਇਸ ਲਈ ਉਹ ਛੇ ਕੁ ਮਹੀਨੇ ਪਹਿਲਾਂ ਵਾਪਸ ਆ ਗਿਆ ਸੀ। ਉਹ ਇਥੇ ਇਲਾਜ ਕਰਵਾਉਣ ਤੋਂ ਬਾਅਦ ਮੁੜ ਆਇਰਲੈਂਡ ਜਾਣ ਦੀ ਤਿਆਰੀ ਵਿੱਚ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਮਿੰਦਰ ਨੇ ਰਾਤ ਅਰੋਮਾ ਹੋਟਲ ਪੁੱਜ ਕੇ ‘ਸੰਡੇ ਆਈਸਕਰੀਮ’ ਲਈ ਸੀ ਅਤੇ ਉਹ ਬਾਹਰ ਖੜ੍ਹਾ ਆਈਸਕਰੀਮ ਖਾ ਰਿਹਾ ਸੀ। ਇਸੇ ਦੌਰਾਨ ਉਥੇ ਪੁੱਜੇ 6-7 ਮੁੰਡਿਆਂ ‘ਚੋਂ ਕਿਸੇ ਇਕ ਦਾ ਹੱਥ ਵੱਜ ਕੇ ਆਈਸਕਰੀਮ ਡਿੱਗ ਗਈ। ਇਸ ਕਾਰਨ ਝਗੜਾ ਹੋ ਗਿਆ। ਘਟਨਾ ਸਥਾਨ ‘ਤੇ ਡੁਲ੍ਹੇ ਖ਼ੂਨ ‘ਤੇ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਹਨ। ਪੁਲੀਸ ਇਸ ਤੱਥ ਦੀ ਪੜਤਾਲ ਵੀ ਕਰ ਰਹੀ ਹੈ।
|
Total Views: 17844 |