|
ਗੁਰੂ ਹਨੂੰਮਾਨ ਤੇ ਸੁਸ਼ੀਲ ਨੂੰ ਭਾਰਤ ਰਤਨ ਦੇਣ ਦੀ ਵਕਾਲਤ
Date: Jan 12, 2012
ਨਵੀਂ ਦਿੱਲੀ, 11 ਜਨਵਰੀ-(ਪ,ਪ)
ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਦੇਸ਼ ਨੂੰ ਕਈ ਨਾਮੀ ਪਹਿਲਵਾਨ ਦੇਣ ਵਾਲੇ ਗੁਰੂ ਹਨੂੰਮਾਨ ਤੇ ਪੇਇਚਿੰਗ ਉਲੰਪਿਕ ਦੇ ਕਾਂਸੀ ਤਮਗਾ ਜੇਤੂ ਸੁਸ਼ੀਲ ਕੁਮਾਰ ਨੂੰ ਦੇਸ਼ ਦਾ ਸਰਵੋਤਮ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਦੀ ਵਕਾਲਤ ਕੀਤੀ ਹੈ।
ਫੈਡਰੇਸ਼ਨ ਦੇ ਜਨਰਲ ਸਕੱਤਰ ਰਾਜ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਫੈਡਰੇਸ਼ਨ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਗੁਰੂ ਹਨੂੰਮਾਨ ਤੇ ਸੁਸ਼ੀਲ ਕੁਮਾਰ ਇਸ ਇਨਾਮ ਦੇ ਅਸਲ ਹੱਕਦਾਰ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ ‘ਭਾਰਤ ਰਤਨ’ ਲਈ ਸ਼੍ਰੇਣੀਆਂ ਖਤਮ ਕਰ ਦਿੱਤੀਆਂ ਹਨ ਤੇ ਹੁਣ ਖਿਡਾਰੀਆਂ ਨੂੰ ਵੀ ਇਹ ਵੱਕਾਰੀ ਇਨਾਮ ਦਿੱਤਾ ਜਾ ਸਕਦਾ ਹੈ। ਇਸ ਵੇਲੇ ਹਾਕੀ ਦੇ ਜਾਦੂਗਰ ਧਿਆਨ ਚੰਦ ਤੇ ਕ੍ਰਿਕਟ ਸਟਾਰ ਸਚਿਨ ਤੇਂਦੂਲਕਰ ਨੂੰ ਇਹ ਪੁਰਸਕਾਰ ਦੇਣ ਦੀ ਮੰਗ ਉੱਠੀ ਹੋਈ ਹੈ। ਇਸ ਮੌਕੇ ਰਾਜ ਸਿੰਘ ਨੇ ਕਿਹਾ ਕਿ ਗੁਰੂ ਹਨੂੰਮਾਨ ਨੇ ਦੇਸ਼ ਨੂੰ ਅਹਿਮ ਪਹਿਲਵਾਨ ਦਿੱਤੇ ਹਨ ਜਿਨ੍ਹਾਂ ਨੇ ਭਾਰਤ ਦਾ ਨਾਂ ਚਮਕਾਇਆ ਹੈ। ਇਸ ਤਰ੍ਹਾਂ ਸੁਸ਼ੀਲ ਕੁਮਾਰ ਨੇ ਪੇਇਚਿੰਗ ਉਲੰਪਿਕ ’ਚ ਭਾਰਤ ਲਈ ਤਮਗਾ ਜਿੱਤ ਕੇ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਸ਼ਤੀ ਦੇ ਖੇਤਰ ’ਚ ਭਾਰਤ ਅਹਿਮ ਮੱਲਾਂ ਮਾਰ ਸਕਦਾ ਹੈ। ਇਸ ਲਈ ਕੁਸ਼ਤੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਖੇਤਰ ਨਾਲ ਜੁੜੀਆਂ ਹਸਤੀਆਂ ਨੂੰ ਪੂਰਾ ਮਾਣ-ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਜਿਸ ’ਚ ਉਪਰੋਕਤ ਖਿਡਾਰੀਆਂ ਨੂੰ ‘ਭਾਰਤ ਰਤਨ’ ਦੇਣ ਦੀ ਵਕਾਲਤ ਕੀਤੀ ਗਈ ਹੈ।
ਇੰਦਰਾ ਗਾਂਧੀ ਸਪੋਰਸਟ ਕੰਪਲੈਕਸ ’ਚ 25 ਤੋਂ 27 ਮਈ ਤਕ ਹੋਣ ਵਾਲੀ ਪਹਿਲੀ ਭਾਰਤੀ ਕੁਸ਼ਤੀ ਗ੍ਰਾਂ.ਪ੍ਰੀ. ’ਚ ਚੋਟੀ ਦੇ 20 ਮੁਲਕ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਕੌਮਾਂਤਰੀ ਮੁਕਾਬਲੇ ’ਚ ਮੰਗੋਲੀਆ, ਕੋਰੀਆ, ਉਜ਼ਬੇਕਿਸਤਾਨ, ਜਾਪਾਨ, ਰੂਸ ਤੇ ਕੋਰੀਆ ਦੇ ਪਹਿਲਵਾਨ ਆਪਣੀ ਤਾਕਤ ਦੇ ਜੌਹਰ ਵਿਖਾਉਣਗੇ।
ਉਨ੍ਹਾਂ ਦੱਸਿਆ ਕਿ ਇਕ ਲੱਖ ਡਾਲਰ ਇਨਾਮੀ ਮੁਕਾਬਲੇ ’ਚ ਹਿੱਸਾ ਲੈਣ ਲਈ ਹੁਣ ਤਕ 20 ਦੇਸ਼ਾਂ ਨੇ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨੂੰ ਕੌਮਾਂਤਰੀ ਫੈਡਰੇਸ਼ਨ ਤੋਂ ਮਨਜ਼ੂਰੀ ਮਿਲ ਗਈ ਹੈ ਤੇ ਇਸ ਨੂੰ ਉਲੰਪਿਕ ਕੁਆਲੀਫਾਇਰਜ਼ ਤੇ ਉਲੰਪਿਕ ਦੇ ਵਿਚਾਲੇ ਕਰਵਾਇਆ ਜਾਵੇਗਾ। ਇਸ ਨਾਲ ਪਹਿਲਵਾਨਾਂ ਨੂੰ ਉਲੰਪਿਕ ਦੀਆਂ ਤਿਆਰੀਆਂ ਦਾ ਮੌਕਾ ਮਿਲ ਜਾਵੇਗਾ।
ਕੌਮਾਂਤਰੀ ਫੈਡਰੇਸ਼ਨ (ਫੀਲਾ) ਦੇ ਨਿਯਮਾਂ ਅਨੁਸਾਰ ਇਸ ਮੁਕਾਬਲੇ ’ਚ ਪੁਰਸ਼ ਤੇ ਮਹਿਲਾ ਵਰਗ ’ਚ ਫਰੀ ਸਟਾਈਲ ਮੁਕਾਬਲੇ ਹੋਣਗੇ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਏਸ਼ਿਆਈ ਕੁਸ਼ਤੀ ਫੈਡਰੇਸ਼ਨ ਦੇ ਉਪ ਪ੍ਰਧਾਨ ਅਸ਼ੋਕ ਅਗਰਵਾਲ ਨੇ ਕਿਹਾ ਕਿ ਭਾਰਤ ’ਚ ਪਹਿਲੀ ਵਾਰ ਹੋਣ ਜਾ ਰਹੀ ਇਸ ਗ੍ਰਾਂ.ਪੀ. ’ਚ ਸੋਨ ਤਮਗਾ ਜੇਤੂ ਨੂੰ 3000 ਡਾਲਰ, ਚਾਂਦੀ ਦਾ ਤਮਗਾ ਜਿੱਤਣ ਵਾਲੇ ਨੂੰ 2000 ਡਾਲਰ ਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਨੂੰ 1000 ਡਾਲਰ ਦਾ ਇਨਾਮ ਦਿੱਤਾ ਜਾਵੇਗਾ।
|
Total Views: 17841 |