|
ਮੁਖਰਜੀ ਵੱਲੋਂ ਖੇਤੀ ਮਾਹਰਾਂ ਤੇ ਕਿਸਾਨ ਆਗੂਆਂ ਨਾਲ ਮੁਲਾਕਾਤ
Date: Jan 12, 2012
ਨਵੀਂ ਦਿੱਲੀ,11 ਜਨਵਰੀ-(ਪ,ਪ)
ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਖੇਤੀ ਮਾਹਿਰਾਂ ਨੂੰ ਕਿਹਾ ਹੈ ਕਿ ਇਹ ਉਤਪਾਦਨ ਨੂੰ ਵਧਾਉਣ, ਖੇਤੀ ਸੈਕਟਰ ਵਿੱਚ ਸੁਧਾਰ ਲਿਆਉਣ ਅਤੇ ਖੇਤੀ ਨਾਲ ਸਬੰਧਤ ਮਸਲੇ ਹੱਲ ਕਰਨ ਲਈ ਸੁਝਾਅ ਦੇਣ। ਅੱਜ ਇਥੇ ਸਾਲ 2012-13 ਦੇ ਬਜਟ ਤੋਂ ਪਹਿਲਾਂ ਖੇਤੀ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ 58 ਫੀਸਦ ਵਸੋਂ ਖੇਤੀ ਸੈਕਟਰ ਨਾਲ ਜੁੜੀ ਹੋਈ ਹੈ। ਪਿਛਲੇ ਦੋ ਸਾਲਾਂ ਵਿਚ ਮੌਨਸੂਨ ਠੀਕ ਰਹੀ ਹੈ ਤੇ ਇਸ ਕਰਕੇ ਹਾੜੀ ਦਾ ਉਤਪਾਦਨ 124 ਮਿਲੀਅਨ ਟਨ ਹੋਣ ਦੀ ਆਸ ਹੈ। ਉਂਜ ਦੇਸ਼ ਦੀਆਂ ਅਨਾਜ ਲੋੜਾਂ ਪੂਰੀਆਂ ਕਰਨ, ਖਰੀਦ, ਮਾਰਕੀਟਿੰਗ, ਕੋਲਡ ਸਟੋਰੇਜ ਚੇਨ ਅਤੇ ਅਨਾਜ ਦਾ ਵਾਧੂ ਜ਼ਖੀਰਾ ਕਰਨ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਮਾਹਿਰਾਂ ਨੂੰ ਆਪਣੇ ਸੁਝਾਅ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਫਰਵਰੀ 2010 ਵਿਚ ਫਰਵਰੀ ਮਹੀਨੇ ਵਿਚ ਖੁਰਾਕੀ ਕੀਮਤਾਂ ਦਰ 22 ਫੀਸਦੀ ਸੀ, ਜੋ ਪਿਛਲੇ ਹਫਤੇ ਘੱਟ ਕੇ ਮਨਫ਼ੀ ਦਰ ‘ਤੇ ਪੁੱਜ ਗਈ ਸੀ। ਖੁਰਾਕੀ ਵਸਤਾਂ ਦੀ ਕੀਮਤ ਦਰ ਨੂੰ ਇਕ ਪੱਧਰ ‘ਤੇ ਬਣਾਈ ਰੱਖਣ ਦੀ ਚੁਣੌਤੀ ਹੈ।
ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ ਵਿਦੇਸ਼ੀ ਨਿਵੇਸ਼ ਦੁੱਗਣਾ ਹੋ ਗਿਆ ਹੈ ਪਰ ਵਿਦੇਸ਼ੀ ਵਿੱਤੀ ਅਦਾਰਿਆਂ ਵੱਲੋਂ ਫੰਡ ਲਗਾਤਾਰ ਕਢਵਾਉਣ ਦੇ ਰੁਝਾਨ ਨੂੰ ਰੋਕਣਾ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਾਲ ਦੇ ਸ਼ੁਰੂ ਵਿਚ ਬਰਾਮਦ ਵਿੱਚ ਕਾਫੀ ਤੇਜ਼ੀ ਆਈ ਸੀ ਪਰ ਉਸ ਤੋਂ ਬਾਅਦ ਉਲਟਾ ਰੁਝਾਨ ਚਲ ਪਿਆ। ਇਸ ਸਥਿਤੀ ਵਿਚ ਸਰਕਾਰ ਵਿੱਤੀ ਘਾਟੇ ਨੂੰ ਘਟਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ ਪਰ ਇਸ ਨੂੰ 4.6 ਫੀਸਦੀ ਤੋਂ ਹੇਠਾਂ ਲਿਆਉਣਾ ਮੁਸ਼ਕਲ ਹੈ। ਖੇਤੀ ਮਾਹਿਰਾਂ ਨੇ ਖੇਤੀ ਉਤਪਾਦਨ ਵਧਾਉਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਸਬਸਿਡੀਆਂ ਨੂੰ ਤਰਕਸੰਗਤ ਬਣਾਇਆ ਜਾਵੇ। ਤੇਲ ਬੀਜਾਂ ਹੇਠ ਰਕਬਾ ਵਧਾਉਣ ਰਕਬਾ ਵਧਾਇਆ ਜਾਵੇ ਤੇ ਇਨ੍ਹਾਂ ਦਾ ਉਤਪਾਦਨ ਵਧਾਉਣ ਲਈ ਸਾਧਨ ਜੁਟਾਏ ਜਾਣ। ਸਹਿਕਾਰੀ ਸੁਸਾਇਟੀਆਂ ਨੂੰ ਟੈਕਸਾਂ ਤੋਂ ਛੋਟ ਦਿੱਤੀ ਜਾਵੇ। ਮੰਡੀ ਟੈਕਸ ਹਟਾਇਆ ਜਾਵੇ ਅਤੇ ਖਰੀਦ ਟੈਕਸ ਤੋਂ ਛੋਟ ਦਿੱਤੀ ਜਾਵੇ। ਕੁਝ ਮਾਹਿਰਾਂ ਨੇ ਸੁਝਾਅ ਦਿੱਤਾ ਕਿ ਐਗਰੋ ਪ੍ਰੋਸੈਸਿੰਗ ‘ਤੇ ਜ਼ੋਰ ਦਿੱਤਾ ਜਾਵੇ ਅਤੇ ਕਿਸਾਨਾਂ ਨੂੰ ਵੱਧ ਆਮਦਨ ਦਿਵਾਉਣ ਲਈ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੀ ਖੁੱਲ੍ਹ ਦਿੱਤੀ ਜਾਵੇ।
|
Total Views: 17836 |