|
ਆਮਿਰ ਖ਼ਾਨ ਵੱਲੋਂ ਦਾਗ਼ੀ ਉਮੀਦਵਾਰਾਂ ਖ਼ਿਲਾਫ਼ ਪ੍ਰਚਾਰ
Date: Jan 12, 2012
ਨਵੀਂ ਦਿੱਲੀ, 11 ਜਨਵਰੀ-(ਪ,ਪ)
ਤੁਸੀਂ ਹੈਰਾਨ ਨਾ ਹੋਇਓ ਜੇਕਰ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰ ਆਮਿਰ ਖ਼ਾਨ ਤੁਹਾਨੂੰ ਅਪੀਲ ਕਰਦਾ ਹੈ ਕਿ ਚੋਣਾਂ ਵਿੱਚ ਅਪਰਾਧਿਕ ਪਿਛੋਕੜ ਵਾਲੇ, ਪੈਸੇ ਤੇ ਤਾਕਤ ਨਾਲ ਵੋਟਾ ਖਰੀਦਣ ਵਾਲੇ ਉਮੀਦਵਾਰ ਨੂੰ ਵੋਟਾਂ ਨਾ ਪਾਇਓ।
ਇਹ ਵੋਟਰ ਜਾਗਰੂਕਤਾ ਮੁਹਿੰਮ ਉੱਤਰ ਪ੍ਰਦੇਸ਼, ਪੰਜਾਬ ਤੇ ਉਤਰਾਖੰਡ ਵਿੱਚ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਰਾਜਾਂ ਵਿੱਚ ਆਉਂਦੇ ਦਿਨਾਂ ਨੂੰ ਵੋਟਾਂ ਪੈਣੀਆਂ ਹਨ। ਵੋਟਰ ਜਾਗਰੂਕਤਾ ਮੁਹਿੰਮ ਲਈ ਆਮਿਰ ਖ਼ਾਨ ਨੇ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰੀਫੋਰਮ (ਏ.ਡੀ.ਆਰ.) ਤੇ ਨੈਸ਼ਨਲ ਇਲੈਕਸ਼ਨ ਵਾਚ (ਐਨ.ਈ.ਓ.) ਨਾਲ ਤਾਲਮੇਲ ਬਣਾਇਆ ਹੈ। ਇਸ ਮੁਹਿੰਮ ਦਾ ਮਕਸਦ ਉਮੀਦਵਾਰਾਂ ਦਾ ਚੋਣਾਂ ਵਿੱਚ ਬਾਈਕਾਟ ਕਰਾਉਣਾ ਹੈ।
ਮੁਹਿੰਮ ਤਹਿਤ ਇਸ ਅਦਾਕਾਰ ਦੀ ਰਿਕਾਰਡਿਡ ਆਡੀਓ ਕਲਿੱਪ ਚਲਾਈ ਜਾਵੇਗੀ। ਇਸ ਵਿੱਚ ਆਮਿਰ ਖ਼ਾਨ ਵੋਟਰਾਂ ਨੂੰ ਸੱਦਾ ਦੇ ਰਿਹਾ ਹੈ ਕਿ ਉਹ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣ। ਇਸ ਤੋਂ ਇਲਾਵਾ ਉਹ ਵੋਟਰਾਂ ਨੂੰ ਇਕ ਨੰਬਰ ਦੱਸ ਰਿਹਾ ਹੈ, ਜਿਸ ’ਤੇ ਵੋਟਰ ‘ਮਿਸਡਕਾਲ’ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਇਸ ਨਾਲ ਵੋਟਰਾਂ ਨੂੰ ਏ.ਡੀ.ਆਰ. ਪਾਸੋਂ ਪੰਜ ਰਾਜਾਂ ਵਿਚਲੀਆਂ ਚੋਣਾਂ ਬਾਰੇ ਸਾਰੀ ਤਾਜ਼ਾ ਜਾਣਕਾਰੀ ਮਿਲ ਸਕੇਗੀ। ਇਸ ਅਪੀਲ ਤੋਂ ਇਲਾਵਾ ਵੋਟਰਾਂ ਨੂੰ ਐਸ.ਐਮ. ਐਸ. ਵੀ ਆਏਗਾ, ਜਿਸ ਵਿੱਚ ਰਜਿਸਟਰਡ ਹੋਣ ਲਈ ਕਿਹਾ ਜਾਵੇਗਾ।
ਜਿਹੜੇ ਵੋਟਰ ਆਪਣੇ ਆਪ ਨੂੰ ਰਜਿਸਟਰਡ ਕਰਵਾ ਲੈਣਗੇ, ਉਨ੍ਹਾਂ ਨੂੰ ਏ.ਡੀ.ਆਰ. ਪਾਸੋਂ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਬਾਰੇ ਵਿਸ਼ਲੇਸ਼ਣ ਮੁਫ਼ਤ ਵਿੱਚ ਮਿਲ ਸਕਣਗੇ। ਇਸ ਨਾਲ ਵੋਟਰ ਜਾਣ ਸਕਣਗੇ ਕਿ ਉਮੀਦਵਾਰ ਦਾ ਪਿਛੋਕੜ ਕੀ ਹੈ, ਉਹ ਕਿੰਨਾ ਅਮੀਰ ਹੈ, ਉਹ ਵਿਧਾਨ ਸਭਾ ਵਿੱਚ ਕਿੰਨੀ ਵਾਰ ਗਿਆ ਤੇ ਉਸ ਨੇ ਵਿਧਾਇਕ ਵਜੋਂ ਕਿੰਨੇ ਸਵਾਲ ਪੁੱਛੇ। ਇਸ ਤੋਂ ਇਲਾਵਾ ਸੱਤਾ ਤੋਂ ਜਾ ਰਹੇ ਮੁੱਖ ਮੰਤਰੀਆਂ ਤੇ ਮੰਤਰੀਆਂ ਬਾਰੇ ਵੀ ਪਤਾ ਲੱਗ ਸਕੇਗਾ। ਏ.ਡੀ.ਆਰ. ਦੇ ਅਨਿਲ ਬੈਰਵਾਲ ਨੇ ਦੱਸਿਆ, ‘‘ਰਜਿਸਟਰਡ ਕਾਲਰ ਸਾਡੇ ਕੋਲੋਂ ਚੋਣਾਂ ਬਾਰੇ ਤਾਜ਼ਾ ਜਾਣਕਾਰੀ ਲੈ ਸਕਦੇ ਹਨ। ਇਸ ਨਾਲ ਵੋਟਰਾਂ ਨੂੰ ਉਮੀਦਵਾਰਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ ਤੇ ਸਿਆਸਤ ਵਿੱਚੋਂ ਕਾਲੀਆਂ ਭੇਡਾਂ ਦਾ ਸਫ਼ਾਇਆ ਕੀਤਾ ਜਾ ਸਕੇਗਾ।’’
ਆਮੀਰ ਖ਼ਾਨ ਦੀ ਆਡੀਓ ਕਲਿੱਪ ਤੋਂ ਇਲਾਵਾ ਏ.ਡੀ.ਆਰ. ਕੋਲ ਵੀਡੀਓ ਕਲਿੱਪਾਂ ਵੀ ਹਨ। ਇਨ੍ਹਾਂ ਵਿੱਚ ਵੀ ਉਹ ਵੋਟਰਾਂ ਨੂੰ ਜਾਗਰੂਕ ਕਰ ਰਿਹਾ ਹੈ। ਇਹ ਵੀਡੀਓ ਕਲਿੱਪਾਂ ‘3 ਇਡੀਅਟਸ’ ਦੀ ਆਈ.ਆਈ.ਐਮ. ਅਹਿਮਦਾਬਾਦ ਕੈਂਪਸ ਵਿੱਚ ਸ਼ੂਟਿੰਗ ਪੂਰੀ ਹੋਣ ਮਗਰੋਂ ਤਿਆਰ ਕੀਤੀਆਂ ਗਈਆਂ ਸਨ।
ਐਨ.ਈ.ਓ. ਤੇ ਏ.ਡੀ.ਆਰ. ਦੇ ਮੋਢੀ ਜਗਦੀਪ ਚੋਖਰ ਨੇ ਕਿਹਾ ਹੈ, ‘‘ਅਸੀਂ ਚਾਹੁੰਦੇ ਹਾਂ ਕਿ ਕੁਝ ਚੈਨਲ ਇਨ੍ਹਾਂ ਕਲਿੱਪਾਂ ਨੂੰ ਦਿਖਾਉਣ। ਦੇਖੋ ਇਨ੍ਹਾਂ ਨੂੰ ਦਿਖਾਉਣ ਲਈ ਕੌਣ ਅੱਗੇ ਆਉਂਦਾ ਹੈ।’’
|
Total Views: 17832 |