|
ਭਾਰਤੀ ਟੀਮ ਚੜ੍ਹਦੀ ਕਲਾ ’ਚ: ਦ੍ਰਾਵਿੜ
Date: Jan 12, 2012
ਪਰਥ, 11 ਜਨਵਰੀ-(ਪ,ਪ)
ਭਾਰਤੀ ਟੀਮ ਦੇ ਸੀਨੀਅਰ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਅੱਜ ਉਨ੍ਹਾਂ ਆਸਟਰੇਲਿਆਈ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਹੈ ਕਿ ਮੌਜੂਦਾ ਟੈਸਟ ਲੜੀ ’ਚ ਲਗਾਤਾਰ ਦੋ ਵਾਰ ਹਾਰ ਤੋਂ ਬਾਅਦ ਭਾਰਤੀ ਟੀਮ ’ਚ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਫ਼ਵਾਹਾਂ ਨੂੰ ਲੈ ਕੇ ਕੋਈ ਵੀ ਖਿਡਾਰੀ ਫ਼ਿਕਰਮੰਦ ਨਹੀਂ।
ਦ੍ਰਾਵਿੜ ਨੇ ਕਿਹਾ ਕਿ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਵਿਚਾਲੇ ਮੱਤਭੇਦ ਤੇ ਸਹਿਵਾਗ ਨੂੰ ਕਪਤਾਨ ਬਣਾਉਣ ਲਈ ਕੁਝ ਖਿਡਾਰੀਆਂ ਦੀ ਹਮਾਇਤ ਦੀਆਂ ਖ਼ਬਰਾਂ ਗ਼ਲਤ ਹਨ। ਉਨ੍ਹਾਂ ਕਿਹਾ ਕਿ ਜਦੋਂ ਖ਼ਰਾਬ ਪ੍ਰਦਰਸ਼ਨ ਹੁੰਦਾ ਹੈ ਤਾਂ ਹਰ ਕੋਈ ਟੀਮ ’ਚ ਗ਼ਲਤੀਆਂ ਲੱਭਣ ਲੱਗਦਾ ਹੈ। ਸਹਿਵਾਗ ਤੇ ਧੋਨੀ ਵਿਚਾਲੇ ਵਿਵਾਦ ਦੀਆਂ ਰਿਪੋਰਟਾਂ ਵੀ ਇਸੇ ਰੁਝਾਨ ਦਾ ਹਿੱਸਾ ਹਨ। ਦ੍ਰਾਵਿੜ ਨੇ ਕਿਹਾ ਕਿ ਦੋਵਾਂ ਖਿਡਾਰੀਆਂ ’ਚ ਕੋਈ ਵਿਵਾਦ ਨਹੀਂ ਤੇ ਟੀਮ ’ਚ ਚੰਗਾ ਮਾਹੌਲ ਹੈ।
ਉਨ੍ਹਾਂ ਕਿਹਾ ਕਿ ਬਿਨਾ ਸ਼ੱਕ ਅਜੇ ਤੱਕ ਨਤੀਜੇ ਚੰਗੇ ਨਹੀਂ ਰਹੇ, ਪਰ ਟੀਮ ਵਧੀਆ ਪ੍ਰਦਰਸ਼ਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ, ਪਰ ਟੀਮ ਦਾ ਮਨੋਬਲ ਉੱਚਾ ਹੈ। ਇੱਥੇ ਜ਼ਿਕਰਯੋਗ ਹੈ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਟੈਸਟ ਲੜੀ ’ਚ ਭਾਰਤ ਦੋ ਮੈਚ ਹਾਰ ਚੁੱਕਾ ਹੈ ਤੇ ਤੀਜਾ ਮੈਚ ਭਲਕੇ ਹੋਣਾ ਹੈ। ਇਨ੍ਹਾਂ ਦੋ ਮੈਚਾਂ ’ਚ ਆਸਟਰੇਲਿਆਈ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਲੈਅ ਹਾਸਲ ਨਹੀਂ ਕਰਨ ਦਿੱਤੀ, ਜਿਸ ਨਾਲ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ‘ਤਿੱਖਾ ਹਮਲਾ’ ਹੀ ਭਾਰਤ ਖ਼ਿਲਾਫ਼ ਸਰਵੋਤਮ ਹਥਿਆਰ ਹੈ।
ਦ੍ਰਾਵਿੜ ਨੇ ਕਿਹਾ ਕਿ ਹਰ ਥਾਂ ਇਕ ਹੀ ਰਣਨੀਤੀ ਕਾਰਗਰ ਸਾਬਤ ਨਹੀਂ ਹੁੰਦੀ। ਖਿਡਾਰੀ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਕਰੀਅਰ ’ਚ ਉਸ ਨੂੰ ਕਿਸ ਕਿਸ ਆਧਾਰ ’ਤੇ ਕਾਮਯਾਬੀ ਮਿਲੀ ਹੈ। ਖਿਡਾਰੀ ਨੂੰ ਉਹੀ ਕਰਨਾ ਚਾਹੀਦਾ ਹੈ ਜਿਸ ’ਚ ਉਹ ਮਾਹਿਰ ਹੈ। ਉਨ੍ਹਾਂ ਕਿਹਾ ਕਿ ਉਹ ਵੀਰੂ ਵਾਂਗੂ ਬੱਲੇਬਾਜ਼ੀ ਨਹੀਂ ਕਰ ਸਕਦੇ ਤੇ ਵੀਰੂ ਉਨ੍ਹਾਂ ਵਾਂਗ ਨਹੀਂ ਖੇਡ ਸਕਦਾ। ਹਰ ਕੋਈ ਵੱਖ ਹੈ। ਦ੍ਰਾਵਿੜ ਨੇ ਕਿਹਾ ਕਿ ਹਰ ਕਿਸੇ ਦੀ ਆਪਣੀ ਰਣਨੀਤੀ ਹੁੰਦੀ ਹੈ ਤੇ ਅਹਿਮ ਇਹ ਹੈ ਕਿ ਉਸ ’ਤੇ ਅਮਲ ਕਰਨਾ ਜ਼ਰੂਰੀ ਹੈ। ਦ੍ਰਾਵਿੜ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਦੌਰੇ ਦਾ ਹਸ਼ਰ ਪਿਛਲੇ ਸਾਲ ਦੇ ਇੰਗਲੈਂਡ ਦੌਰੇ ਵਰਗਾ ਨਹੀਂ ਹੋਵੇਗਾ, ਜਿੱਥੇ ਭਾਰਤ ਚਾਰੇ ਟੈਸਟ ਤੇ ਇਕ ਰੋਜ਼ਾ ਲੜੀ ਹਾਰ ਗਿਆ ਸੀ।
ਉਂਜ, ਸਚਿਨ ਤੇਂਦੁਲਕਰ ’ਤੇ 100ਵੇਂ ਸੈਂਕੜੇ ਦੇ ਦਬਾਅ, ਵੀ.ਵੀ. ਐਸ. ਲਕਸ਼ਮਣ ਨੂੰ ਬਾਹਰ ਕਰਨ ਦੀ ਮੰਗ ਵਿਚਾਲੇ ਭਾਰਤ ਲਈ ਇਹ ਕੰਮ ਸੌਖਾ ਨਜ਼ਰ ਨਹੀਂ ਆ ਰਿਹਾ। ਦ੍ਰਾਵਿੜ ਨੇ ਕਿਹਾ ਹੈ ਕਿ ਉਹ ਮਿਹਨਤ ਕਰ ਰਿਹਾ ਹੈ ਤੇ ਆਸ ਹੈ ਕਿ ਟੀਮ ਚੰਗਾ ਪ੍ਰਦਰਸ਼ਨ ਕਰੇਗੀ।
|
Total Views: 17830 |