|
ਪਾਕਿ ਸੁਪਰੀਮ ਕੋਰਟ ਵੱਲੋਂ ਗਿਲਾਨੀ ਉਪਰ ਬੇਈਮਾਨ ਹੋਣ ਦਾ ‘ਠੱਪਾ’
Date: Jan 12, 2012
ਇਸਲਾਮਾਬਾਦ, 10 ਜਨਵਰੀ-(ਪ,ਪ)
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੀ ਚੰਗੀ ਲਾਹ-ਪਾਹ ਕਰਦਿਆਂ ਕਿਹਾ ਹੈ ਕਿ ਉਹ ਇਕ ਇਮਾਨਦਾਰ ਵਿਅਕਤੀ ਨਹੀਂ ਹਨ। ਇਸੇ ਨਾਲ ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਨਾ ਖੋਲ੍ਹੇ ਤਾਂ ਉਹ ਆਪਣੇ ਬਾਰੇ ਸੋਚ ਲੈਣ।
ਪੰਜ ਜੱਜਾਂ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ਗਿਲਾਨੀ ਨੂੰ ਕਿਹਾ, ‘‘ਤੁਸੀਂ ਸੰਵਿਧਾਨ ਦੀ ਸਹੁੰ ਚੁੱਕ ਕੇ ਵੀ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੇ। ਤੁਸੀਂ ਸੰਵਿਧਾਨ ਦੀ ਥਾਂ ਆਪਣੀ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਵਫਾਦਾਰੀ ਨਿਭਾਅ ਰਹੇ ਹੋ। ਤੁਸੀਂ ਇਮਾਨਦਾਰ ਨਹੀਂ ਹੋ ਕਿਉਂਕਿ ਤੁਸੀਂ ਚੁੱਕੀ ਸਹੁੰ ਦੀ ਉਲੰਘਣਾ ਕਰ ਰਹੇ ਹੋ।’’
ਜ਼ਰਦਾਰੀ ਖ਼ਿਲਾਫ਼ ਕੇਸ ਖੋਲ੍ਹਣ ਬਾਰੇ ਸਰਕਾਰ ਨੇ ਸਵਿਸ ਪ੍ਰਸ਼ਾਸਨ ਨੂੰ ਲਿਖਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਅਦਾਲਤ ਨੇ ਪ੍ਰਧਾਨ ਦੀ ਖਿਚਾਈ ਕੀਤੀ। ਅਦਾਲਤ ਨੇ ਸਰਕਾਰ ਨੂੰ ਇਸ ਬਾਰੇ 16 ਜਨਵਰੀ ਨੂੰ ਹੋਣ ਵਾਲੀ ਅਗਲੀ ਸੁਣਵਾਈ ਵੇਲੇ ਜਵਾਬ ਦਾਖਲ ਕਰਨ ਲਈ ਕਿਹਾ ਹੈ। ਬੈਂਚ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਉਸ ਦੇ ਹੁਕਮ ਉੱਪਰ ਕਾਰਵਾਈ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਅਦਾਲਤੀ ਮਾਣਹਾਨੀ ਦਾ ਕੇਸ ਚਲਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੰਸਦ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਬੈਂਚ ਨੇ ਅਟਾਰਨੀ ਜਨਰਲ ਅਨਵਰ ਉਲ ਹੱਕ ਨੂੰ ਕਿਹਾ ਹੈ ਕਿ ਉਹ ਇਸ ਬਾਰੇ ਅਗਲੀ ਸੁਣਵਾਈ ਵੇਲੇ ਸਰਕਾਰ ਦੇ ਵਿਚਾਰ ਬਾਰੇ ਅਦਾਲਤ ਨੂੰ ਜਾਣਕਾਰੀ ਦੇਣ। ਸਰਵਉੱਚ ਅਦਾਲਤ ਨੇ ਅਗਲੀ ਸੁਣਵਾਈ ਵੇਲੇ ਪੇਸ਼ ਹੋਣ ਲਈ ਅਟਾਰਨੀ ਜਨਰਲ, ਕਾਨੂੰਨ ਸਕੱਤਰ ਤੇ ਕੌਮੀ ਜਵਾਬਦੇਹੀ ਬਿਊਰੋ ਦੇ ਚੇਅਰਮੈਨ ਦੇ ਸੰਮਨ ਜਾਰੀ ਕੀਤੇ ਹਨ।
|
Total Views: 17829 |