|
ਕੁਪੋਸ਼ਣ ਦੇਸ਼ ਲਈ ਸ਼ਰਮਨਾਕ ਗੱਲ: ਪ੍ਰਧਾਨ ਮੰਤਰੀ
Date: Jan 12, 2012
ਨਵੀਂ ਦਿੱਲੀ, 10 ਜਨਵਰੀ-(ਪ,ਪ)
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਖਿਆ ਕਿ ਕੌਮ ਲਈ ਇਹ ਸ਼ਰਮ ਦੀ ਗੱਲ ਹੈ ਕਿ ਦੇਸ਼ ਭਰ ’ਚ 42 ਫੀਸਦ ਬੱਚੇ ਕੁਪੋਸ਼ਣ ਦੀ ਮਾਰ ਹੇਠ ਹਨ ਅਤੇ ਸਰਕਾਰ ਇਸ ਮੁੱਦੇ ਨੂੰ ਮੁਖ਼ਾਤਬ ਹੋਣ ਲਈ ਸਿਰਫ ਇਕਜੁੱਟ ਬਾਲ ਭਲਾਈ ਸਕੀਮ (ਆਈ.ਸੀ.ਡੀ.ਐਸ.) ਉਪਰ ਟੇਕ ਰੱਖ ਕੇ ਨਹੀਂ ਚੱਲ ਸਕਦੀ।
ਇਥੇ ਭੁੱਖਮਰੀ ਅਤੇ ਕੁਪੋਸ਼ਣ ਬਾਰੇ ਰਿਪੋਰਟ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘….ਕੁਪੋਸ਼ਣ ਦੀ ਸਮੱਸਿਆ ਕੌਮ ਲਈ ਸ਼ਰਮ ਦਾ ਸਬੱਬ ਹੈ। ਸਾਡੀ ਕੁੱਲ ਘਰੇਲੂ ਪੈਦਾਵਾਰ ਵਿਚ ਭਰਵੇਂ ਵਾਧੇ ਦੇ ਬਾਵਜੂਦ ਦੇਸ਼ ਅੰਦਰ ਕੁਪੋਸ਼ਣ ਦੀ ਦਰ ਅਜੇ ਵੀ ਕਾਫੀ ਉੱਚੀ ਬਣੀ ਹੋਈ ਹੈ।’’
ਉਨ੍ਹਾਂ ਕਿਹਾ ਕਿ ਭਾਰਤ ਕੁਪੋਸ਼ਣ ਦੇ ਪੱਧਰ ਨੂੰ ਤੇਜ਼ੀ ਨਾਲ ਘਟਾਉਣ ’ਚ ਬਹੁਤਾ ਕਾਮਯਾਬ ਨਹੀਂ ਹੋ ਸਕਿਆ। ਉਨ੍ਹਾਂ ਕਿਹਾ, ‘‘ਪੈਦਾਵਾਰ ਵਿਚ ਭਰਵੇਂ ਵਾਧੇ ਦੇ ਬਾਵਜੂਦ ਦੇਸ਼ ਅੰਦਰ ਕੁਪੋਸ਼ਣ ਦੀ ਦਰ ਅਜੇ ਵੀ ਕਾਫੀ ਉੱਚੀ ਬਣੀ ਹੋਈ ਹੈ।’’
ਉਨ੍ਹਾਂ ਕਿਹਾ ਕਿ ਭਾਰਤ ਕੁਪੋਸ਼ਣ ਦੇ ਪੱਧਰ ਨੂੰ ਤੇਜ਼ੀ ਨਾਲ ਘਟਾਉਣ ’ਚ ਬਹੁਤਾ ਕਾਮਯਾਬ ਨਹੀਂ ਹੋ ਸਕਿਆ। ਉਨ੍ਹਾਂ ਕਿਹਾ, ‘‘ਭਾਵੇਂ ਕੁਪੋਸ਼ਣ ਖਿਲਾਫ ਲੜਨ ਲਈ ਆਈ.ਸੀ.ਡੀ.ਐਸ. ਸਾਡਾ ਸਭ ਤੋਂ ਅਹਿਮ ਹਥਿਆਰ ਹੈ ਪਰ ਅਸੀਂ ਸਿਰਫ ਇਸੇ ’ਤੇ ਨਿਰਭਰ ਨਹੀਂ ਰਹਿ ਸਕਦੇ। ਸਾਨੂੰ ਉਨ੍ਹਾਂ ਜ਼ਿਲ੍ਹਿਆਂ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ ਜਿੱਥੇ ਕੁਪੋਸ਼ਣ ਦੀ ਦਰ ਬਹੁਤ ਜ਼ਿਆਦਾ ਹੈ ਅਤੇ ਕੁਪੋਸ਼ਣ ਦੇ ਹਾਲਾਤ ਕਾਰਜਸ਼ੀਲ ਹਨ।’’
ਉਨ੍ਹਾਂ ਕਿਹਾ ਕਿ ਨੀਤੀਘਾੜਿਆਂ ਅਤੇ ਪ੍ਰੋਗਰਾਮ ਲਾਗੂ ਕਰਨ ਵਾਲਿਆਂ ਨੂੰ ਸਿੱਖਿਆ ਅਤੇ ਸਿਹਤ, ਸਫਾਈ, ਸਵੱਛਤਾ, ਪੀਣ ਵਾਲੇ ਪਾਣੀ ਅਤੇ ਪੋਸ਼ਣ ਵਿਚਕਾਰਲੇ ਸਬੰਧਾਂ ਨੂੰ ਸਮਝਣ ਦੀ ਅਤੇ ਫਿਰ ਇਸ ਮੁਤਾਬਕ ਕਦਮ ਚੁੱਕਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਈ.ਸੀ.ਡੀ.ਐਸ. ਨੂੰ ਨਵੇਂ ਸਿਰਿਓਂ ਵਿਉਂਤਣ, 200 ਜ਼ਿਲ੍ਹਿਆਂ ਵਿਚ ਬਹੁ-ਖੇਤਰੀ ਪ੍ਰੋਗਰਾਮ ਸ਼ੁਰੂ ਕਰਨ ਅਤੇ ਕੁਪੋਸ਼ਣ ਖਿਲਾਫ ਇਕ ਦੇਸ਼-ਵਿਆਪੀ ਮੁਹਿੰਮ ਵਿੱਢਣ ਲਈ ਕੰਮ ਕਰ ਰਹੀ ਹੈ।
ਰਿਪੋਰਟ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਦੇ ਨਿਵਾਸ ’ਤੇ ਹੋਏ ਸਮਾਗਮ ਵਿਚ ਕੇਂਦਰੀ ਮੰਤਰੀ ਸਚਿਨ ਪਾਇਲਟ, ਫਿਲਮਸਾਜ਼ ਅਤੇ ਨਾਮਜ਼ਦ ਐਮ.ਪੀ. ਸ਼ਿਆਮ ਬੈਨੇਗਲ, ਅਦਾਕਾਰ ਰਾਹੁਲ ਬੋਸ, ਗਾਇਕਾ ਪੀਨਾਜ਼ ਮਸਾਨੀ, ਐਮ.ਪੀ. ਜੈ. ਪਾਂਡਾ, ਜਯੋਤੀ ਮਿਰਧਾ, ਮਧੂ ਯਾਕਸ਼ੀ ਗੌੜ ਅਤੇ ਸ਼ਾਹਨਵਾਜ਼ ਹੁਸੈਨ ਮੌਜੂਦ ਸਨ।
|
Total Views: 17827 |