|
ਕ੍ਰਿਕਟ ਮਾਹਿਰ ਸਚਿਨ, ਦਰਾਵਿੜ ਤੇ ਲਕਸ਼ਮਣ ਨੂੰ ਭਾਰਤੀ ਟੀਮ ‘ਚੋਂ ਹਟਾਉਣ ਵਿਰੁੱਧ
Date: Jan 10, 2012
ਪਰਥ, 8 ਜਨਵਰੀ-(ਪ,ਪ)
ਆਸਟਰੇਲੀਆ ਮੀਡੀਆ ਵੱਲੋਂ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਵਡੇਰੀ ਉਮਰ ਦੇ ਖਿਡਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ ਵਿਚ ਭਾਰਤੀ ਕ੍ਰਿਕਟ ਮਾਹਿਰਾਂ ਨੇ ਇਸ ਆਲੋਚਨਾ ਦਾ ਮੂੰਹ-ਤੋੜ ਜਵਾਬ ਦਿੱਤਾ ਹੈ।
ਕ੍ਰਿਕਟ ਮਾਹਿਰਾਂ ਦਾ ਕਹਿਣਾ ਹੈ ਕਿ ਟੀਮ ਇੰਡੀਆ ਦੀ ਨੀਂਹ ਮਜ਼ਬੂਤ ਕਰਨ ਵਾਲੀ ‘ਮਹਾਨ ਤ੍ਰਿਮੂਰਤੀ’ ਸਚਿਨ ਤੇਂਦੁਲਕਰ, ਰਾਹੁਲ ਦਰਾਵਿੜ ਅਤੇ ਵੀ.ਵੀ.ਐਸ. ਲਕਸ਼ਮਣ ਜਦੋਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ ਤਾਂ ਫਿਲਹਾਲ ਲੱਗਦਾ ਨਹੀਂ ਕਿ ਕੋਈ ਖਿਡਾਰੀ ਇਨ੍ਹਾਂ ਦੀ ਜਗ੍ਹਾ ਭਰ ਸਕੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀ ਵੀ ਵਿਦੇਸ਼ਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ।
ਪਹਿਲਾਂ ਸੁਰੇਸ਼ ਰੈਨਾ ਤੇ ਹੁਣ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਹੈ। ਰੋਹਿਤ ਸ਼ਰਮਾ ਨੂੰ ਹੁਣ ਅਗਲੇ ਹਫ਼ਤੇ ਮੌਕਾ ਮਿਲ ਸਕਦਾ ਹੈ ਅਤੇ ਉਹ ਨਵੇਂ ਖਿਡਾਰੀਆਂ ਵਿਚ ਗੈਰ-ਭਰੋਸਗੀ ਦੀ ਗੱਲ ਨੂੰ ਗਲਤ ਠਹਿਰਾਉਣ ਦਾ ਯਤਨ ਕਰੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਵਿਚ ਜੇਕਰ ਸਚਿਨ, ਦਰਾਵਿੜ ਤੇ ਲਕਸ਼ਮਣ ਵਰਗੇ ਸੀਨੀਅਰ ਖਿਡਾਰੀਆਂ ਨੂੰ ਹਟਾ ਦਿੱਤਾ ਜਾਵੇ ਤਾਂ ਟੀਮ ਇੰਡੀਆ ਹੋਰ ਕਮਜ਼ੋਰ ਹੋ ਜਾਵੇਗੀ।
ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਤਿਆਰ ਹੋਣ ਲਈ ਪੂਰਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਨੇ ‘ਟੈਸਟ ਕੈਪ’ ਪਹਿਨਣ ਤ ੋਂ ਪਹਿਲਾ ਕਾਫੀ ਇਕ-ਰੋਜ਼ਾ ਮੈਚ ਖੇਡੇ ਹਨ ਪਰ ਉਹ ਉਸ ਸਮੇਂ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਸਨ। ਰੈਨਾ ਨੇ ਪਹਿਲਾ ਟੈਸਟ ਮੈਚ ਖੇਡਣ ਤੋਂ ਪਹਿਲਾਂ 98 ਇਕ-ਰੋਜ਼ਾ ਮੈਚ ਖੇਡੇ ਹਨ। ਉਸ ਨੇ ਹੁਣ ਤਕ 15 ਟੈਸਟ ਮੈਚ ਖੇਡੇ ਹਨ ਜਿਸ ਵਿਚ ਉਸ ਨੇ 29.58 ਦੀ ਔਸਤ ਨਾਲ 710 ਰਨ ਬਣਾਏ ਹਨ।
ਕੋਹਲੀ ਨੂੰ 59 ਵਨ ਡੇ ਖੇਡਣ ਤੋਂ ਬਾਅਦ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਪਰ ਉਹ 6 ਮੈਚਾਂ ਵਿਚ 21.27 ਦੀ ਔਸਤ ਨਾਲ 234 ਦੌੜਾਂ ਹੀ ਬਣਾ ਸਕਿਆ ਹੈ। ਰੋਹਿਤ ਵੀ ਹੁਣ ਤਕ 72 ਇਕ-ਰੋਜ਼ਾ ਮੈਚ ਖੇਡ ਚੁੱਕਾ ਹੈ।
ਭਾਰਤੀ ਕ੍ਰਿਕਟਰਾਂ ਦੀ ਅਸਫਲਤਾ ਦਾ ਕਾਰਨ ਤੇਜ਼ ਅਤੇ ਉਛਾਲਾਂ ਵਾਲੀਆਂ ਗੇਂਦਾਂ ਨੂੰ ਬੈਕਫੁੱਟ ‘ਤੇ ਜਾ ਕੇ ਨਾ ਖੇਡ ਸਕਣਾ ਹੈ। ਭਾਰਤੀ ਉਪ-ਮਹਾਂਦੀਪ ਦੀਆਂ ਸਪਾਟ ਪਿੱਚਾਂ ‘ਤੇ ਫਰੰਟ ਫੁੱਟ ‘ਤੇ ਜਾ ਕੇ ਸ਼ਾਟ ਮਾਰਨਾ ਆਸਾਨ ਹੁੰਦਾ ਹੈ। ਪਰ ਵਿਦੇਸ਼ੀ ਪਿੱਚਾਂ ‘ਤੇ ਗੇਂਦ ਗੋਡੇ ਦੀ ਉਚਾਈ ਤੋਂ ਵੱਧ ਉਛਾਲ ਲੈਂਦੀ ਹੈ ਅਤੇ ਅਜਿਹੀਆਂ ਗੇਂਦਾਂ ‘ਤੇ ਸ਼ਾਟ ਮਾਰਨ ਲਈ ਵਿਸ਼ੇਸ਼ ਤਕਨੀਕ ਦੀ ਜ਼ਰੂਰਤ ਹੁੰਦੀ ਹੈ ਜਿਸ ਵਿਚ ਭਾਰਤੀ ਬੱਲੇਬਾਜ਼ ਮਾਹਿਰ ਨਹੀਂ ਹਨ। ਇਹੀ ਕਾਰਨ ਹੈ ਕਿ ਉਹ ਅਸਫਲ ਰਹਿੰਦੇ ਹਨ।
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਟਵੰਟੀ-20 ਅਤੇ ਇਕ-ਰੋਜ਼ਾ ਮੈਚਾਂ ਵਿਚ ਲਗਾਤਾਰ ਹਿਟਿੰਗ ਕਰਨ ਨਾਲ ਖਿਡਾਰੀ ਅਕਸਰ ਟੈਸਟ ਮੈਚਾ ਵਿਚ ਅਸਫਲ ਹੋ ਜਾਂਦੇ ਹਨ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਨੌਜਵਾਨ ਬੱਲੇਬਾਜ਼ ਟੀ-20 ਮੈਚਾਂ ਦੌਰਾਨ ਬੱਲੇਬਾਜ਼ੀ ਵਿਚ ਤੇਜ਼ੀ ਲਿਆਉਂਦੇ ਹਨ ਪਰ ਉਹ ਟੈਸਟ ਮੈਚ ਦੀ ਉਸ ਤਕਨੀਕ ਨੂੰ ਭੁਲ ਜਾਂਦੇ ਹਨ ਕਿ ਜਦੋਂ ਗੇਂਦ ਬੱਲੇ ‘ਤੇ ਆ ਰਹੀ ਹੋਵੇ ਤਾਂ ਸਹਿਜਤਾ ਨਾਲ ਕੰਮ ਲਿਆ ਜਾਵੇ।
ਭਾਰਤੀ ਹਾਲਾਤ ਵੀ ਬੱਲੇਬਾਜ਼ੀ ਦੇ ਵਿਕਾਸ ਲਈ ਅਨੁਕੂਲ ਨਹੀਂ ਹਨ। ਰਣਜੀ ਟਰਾਫ਼ੀ ਦੌਰਾਨ ਪਿੱਚਾਂ ਨਿਰਜੀਵ ਹੁੰਦੀਆ ਹਨ। ਇਸ ਤੋਂ ਇਲਾਵਾ 80 ਫੀਸਦੀ ਕ੍ਰਿਕਟ ਘਰੇਲੂ ਜ਼ਮੀਨ ‘ਤੇ ਖੇਡਿਆ ਜਾਦਾ ਹੈ ਅਤੇ ਇਨ੍ਹਾਂ ਵਿੱਚੋਂ ਵਧੇਰੇ ਇਕ-ਰੋਜਾ ਮੈਚ ਹੁੰਦੇ ਹਨ। ਇਸ ਦੇ ਨਾਲ ਹੀ ਆਈ.ਪੀ.ਐਲ. ਦੌਰਾਨ ਵੀ ਤੇਜ਼ ਕ੍ਰਿਕਟ ਖੇਡਿਆ ਜਾਂਦਾ ਹੈ।
ਅੱਜ-ਕੱਲ੍ਹ ਕੋਚ ਖਿਡਾਰੀਆਂ ਨੂੰ ਰੱਖਿਅਕ (ਡਿਫੈਂਸਿਵ) ਤਕਨੀਕ ਦੀ ਜਾਣਕਾਰੀ ਘੱਟ ਦਿੰਦੇ ਹਨ। ਹਰ ਕੋਈ ਖਿਡਾਰੀ ਜਲਦੀ ਤੋਂ ਜਲਦੀ ਪੈਸਾ ਕਮਾਉਣਾ ਚਾਹੁੰਦਾ ਹੈ ਅਤੇ ਨਾਲ ਹੀ ਸ਼ੋਹਰਤ। ਇਸ ਮਾਮਲੇ ਵਿਚ ਆਸਟਰੇਲੀਆ ਦੇ ਕਪਤਾਨ ਮਾਈਕਲ ਕਲਾਰਕ ਦਾ ਉਦਾਹਰਣ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੈਂ ਟਵੰਟੀ-20 ਕ੍ਰਿਕਟ ਛੱਡਿਆ ਹੈ, ਮੇਰੇ ਕਰੀਅਰ ਵਿਚ ਸੁਧਾਰ ਹੋਇਆ ਹੈ ਕਿਉਂਕਿ ਮੈਂ ਹੁਣ ਇਕ-ਰੋਜ਼ਾ ਤੇ ਟੈਸਟ ਕ੍ਰਿਕਟ ਵੱਲ ਵਧੇਰੇ ਧਿਆਨ ਦੇਣਾ ਲੱਗ ਪਿਆ ਹਾਂ। ਉਨ੍ਹਾਂ ਕਿਹਾ ਕਿ ਤੇਜ਼-ਤਰਾਰ ਟੀ-20 ਕ੍ਰਿਕਟ ਖੇਡਣ ਨਾਲ ਤੁਸੀਂ ਟੈਸਟ ਕ੍ਰਿਕਟ ਵੱਲ ਧਿਆਨ ਕੇਂਦਰਿਤ ਨਹੀਂ ਕਰ ਸਕਦੇ।
ਵੀਰੇਂਦਰ ਤੇ ਗੌਤਮ ਗੰਭੀਰ ਵੀ ਤਰਸ ਰਹੇ ਨੇ ਟੈਸਟ ਸੈਂਕੜੇ ਨੂੰ: ਸਚਿਨ ਤੇਂਦੁਲਕਰ ਭਾਵੇਂ ਪਿਛਲੀਆਂ 21 ਕੌਮਾਂਤਰੀ ਪਾਰੀਆਂ ਵਿਚ ਸੈਂਕੜਾ ਜੜਨ ‘ਚ ਨਾਕਾਮ ਰਿਹਾ ਹੋਵੇ ਪਰ ਉਸ ਦਾ ਸਾਥੀ ਤੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਪਿਛਲੀਆਂ 40 ਅੰਤਰਰਾਸ਼ਟਰੀ ਪਾਰੀਆਂ ਤੇ ਵੀਰੇਂਦਰ ਸਹਿਵਾਗ ਪਿਛਲੀਆਂ 19 ਟੈਸਟ ਪਾਰੀਆਂ ਵਿਚ ਤੀਹਰੇ ਅੰਕ ‘ਤੇ ਨਹੀਂ ਪਹੁੰਚ ਸਕਿਆ ਹੈ।
ਜੇਕਰ ਇਨ੍ਹਾਂ ਸੈਂਕੜਿਆਂ ਦਾ ਵਿਸਥਾਰ ਕੀਤਾ ਜਾਵੇ ਤਾਂ ਤੇਂਦੁਲਕਰ ਪਿਛਲੇ 9 ਟੈਸਟ ਮੈਚਾਂ ਦੀਆਂ 17 ਪਾਰੀਆਂ ਵਿਚ ਸੈਂਕੜਾ ਨਹੀਂ ਮਾਰ ਸਕਿਆ ਹੈ ਅਤੇ ਗੰਭੀਰ ਵੀ ਪਿਛਲੀਆਂ 33 ਟੈਸਟ ਪਾਰੀਆਂ ਵਿਚ ਸੈਂਕੜਾ ਮਾਰਨ ਤੋਂ ਵਾਂਝਾ ਰਿਹਾ ਹੈ। ਸਹਿਵਾਗ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੰਦੌਰ ਵਿਚ ਇਕ-ਰੋਜ਼ਾ ਮੈਚ ਦੌਰਾਨ ਰਿਕਾਰਡ ਦੋਹਰਾ ਸੈਂਕੜਾ ਜੜਿਆ ਸੀ ਪਰ ਇਸ ਤੋਂ ਪਹਿਲਾਂ 19 ਅੰਤਰਰਾਸ਼ਟਰੀ ਪਾਰੀਆਂ ਵਿਚ ਉਹ ਸੈਂਕੜਾ ਨਹੀਂ ਮਾਰ ਸਕਿਆ ਸੀ।
ਤੇਂਦੁਲਕਰ ਨੇ 2011 ਵਿਚ ਟੈਸਟ ਅਤੇ ਵਨ-ਡੇ ਦੋਨਾਂ ਵਿਚ ਸੈਂਕੜੇ ਮਾਰੇ ਸਨ। ਉਸ ਨੇ ਆਖ਼ਰੀ ਕੌਮਾਂਤਰੀ ਸੈਂਕੜਾ 12 ਮਾਰਚ 2011 ਨੂੰ ਵਿਸ਼ਵ ਕੱਪ ਦੌਰਾਨ ਲਗਾਇਆ ਸੀ ਪਰ ਸਹਿਵਾਗ ਨਵੰਬਰ 2010 ਤੋਂ ਟੈਸਟ ਮੈਚਾਂ ਵਿਚ ਸੈਂਕੜਾ ਨਹੀਂ ਲਗਾ ਸਕਿਆ। ਦਿੱਲੀ ਦੇ ਉਸ ਦੇ ਸਾਥੀ ਗੰਭੀਰ ਨੂੰ ਵੀ ਟੈਸਟ ਕ੍ਰਿਕਟ ਵਿਚ ਸੈਂਕੜਾ ਮਾਰੇ ਹੋਏ ਦੋ ਸਾਲ ਹੋ ਗਏ ਹਨ।
ਗੰਭੀਰ ਨੇ ਆਪਣਾ ਆਖਰੀ ਸੈਂਕੜਾ ਬੰਗਲਾਦੇਸ਼ ਦੇ ਖ਼ਿਲਾਫ਼ ਚਟਗਾਉਂ ਵਿਚ ਜਨਵਰੀ 2010 ਵਿਚ ਲਗਾਇਆ ਸੀ। ਇਸ ਤੋਂ ਬਾਅਦ 18 ਟੈਸਟ ਮੈਚਾਂ ਦੀਆਂ 33 ਪਾਰੀਆਂ ਵਿਚ ਗੰਭੀਰ ਨੇ 30.25 ਦੀ ਔਸਤ ਨਾਲ 938 ਦੌੜਾਂ ਬਣਾਈਆਂ ਹਨ ਇਸ ਵਿਚ 9 ਅਰਧ ਸੈਂਕੜੇ ਹਨ। ਜੇਕਰ ਅੰਤਰਾਸ਼ਟਰੀ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਗੰਭੀਰ ਨੇ 4 ਦਸੰਬਰ 2010 ਤੋਂ ਬਾਅਦ ਸੈਂਕੜਾ ਨਹੀਂ ਜਮਾਇਆ ਤੇ ਉਸ ਸਮੇਂ ਤੋਂ ਹੁਣ ਤਕ ਵਨ-ਡੇ ਵਿਚ 21 ਅਤੇ ਟੈਸਟ ਮੈਚ ਵਿਚ 19 ਪਾਰੀਆਂ ਖੇਡ ਚੁੱਕਿਆ ਹੈ।
ਪਿਛਲੇ ਦੋ ਸਾਲਾਂ ਵਿਚ ਸਿਰਫ਼ ਤਿੰਨ ਬੱਲੇਬਾਜ਼ ਤੇਂਦੁਲਕਰ, ਰਾਹੁਲ ਦਰਾਵਿੜ ਅਤੇ ਲਕਸ਼ਮਣ ਹੀ ਵਿਦੇਸ਼ੀ ਧਰਤੀ ‘ਤੇ 1000 ਤੋਂ ਵੱਧ ਦੌੜਾਂ ਬਣਾ ਸਕੇ ਹਨ। ਉਂਜ ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਵੈਸਟ ਇੰਡੀਜ਼ ਦੇ ਦੌਰੇ ‘ਤੇ ਭਾਰਤ ਦੀ ਤਰਫ਼ੋਂ ਸਿਰਫ਼ ਚਾਰ ਸੈਂਕੜੇ ਜੜੇ ਗਏ ਸਨ ਤੇ ਇਹ ਸਾਰੇ ਸੈਂਕੜੇ ਦਰਾਵਿੜ ਦੀ ਬਦੌਲਤ ਹੀ ਮਾਰੇ ਗਏ ਸਨ।
ਗੰਭੀਰ ਨੇ ਜੁਲਾਈ 2010 ਵਿਚ ਸ੍ਰੀਲੰਕਾ ਦੌਰੇ ਦੌਰਾਨ ਵਿਦੇਸ਼ੀ ਭੂਮੀ ‘ਤੇ 8 ਮੈਚਾਂ ਦੀਆਂ 16 ਪਾਰੀਆਂ ਵਿਚ 27.81 ਦੀ ਔਸਤ ਨਾਲ 445 ਦੌੜਾਂ ਬਣਾਈਆਂ ਸਨ ਜਿਸ ਵਿਚ ਚਾਰ ਅਰਧ ਸੈਂਕੜੇ ਸਨ।
ਭਾਰਤ ਨੇ ਹੁਣ ਤਕ ਛੇ ਸਲਾਮੀ ਜੋੜੀਆਂ ਅਜ਼ਮਾਈਆ ਹਨ ਪਰ ਕੋਈ ਵੀ ਜੋੜੀ ਸੈਂਕੜੇ ਵਾਲੀ ਸਾਂਝੇਦਾਰੀ ਨਹੀਂ ਨਿਭਾਅ ਸਕੀ ਹੈ ਜੋ ਵਿਦੇਸ਼ਾਂ ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਦਾ ਮੁੱਖ ਕਾਰਨ ਹੈ।
|
Total Views: 17798 |