|
ਭੂਟੀਆ ਦੀ ਫੁਟਬਾਲ ਤੋਂ ਵਿਦਾਇਗੀ ਲਈ ਮੈਚ ਅੱਜ
Date: Jan 10, 2012
ਨਵੀਂ ਦਿੱਲੀ, 9 ਜਨਵਰੀ-(ਪ,ਪ)
ਸਾਬਕਾ ਕਪਤਾਨ ਭਾਈਚੁੰਗ -ਭੂਟੀਆ ਭਲਕੇ ਆਖਰੀ ਵਾਰ ਦੇਸ਼ ਲਈ ਖੇਡਣਗੇ ਜਦੋਂ ਭਾਰਤੀ ਫੁਟਬਾਲ ਟੀਮ ਦਾ ਮੁਕਾਬਲਾ ਭੂਟੀਆ ਦੀ ਵਿਦਾਇਗੀ ਲਈ ਖੇਡੇ ਜਾ ਰਹੇ ਮੈਚ ਵਿਚ ਜਰਮਨੀ ਦੀ ਏ.ਸੀ. ਬਾਇਰਨ ਮਿਊਨਿਖ ਫੁਟਬਾਲ ਕਲੱਬ ਨਾਲ ਹੋਵੇਗਾ। ਪਿਛਲੇ ਸਾਲ ਅੰਤਰਰਾਸ਼ਟਰੀ ਫੁਟਬਾਲ ਨੂੰ ਅਲਵਿਦਾ ਕਹਿਣ ਵਾਲੇ ਭੂਟੀਆ 1995 ਤੋਂ ਬਾਅਦ ਲਗਾਤਾਰ 16 ਸਾਲ ਖੇਡਿਆ ਹੈ। ਉਹ 10 ਸਾਲ ਤੋਂ ਵੱਧ ਸਮਾਂ ਭਾਰਤੀ ਟੀਮ ਦੇ ਕਪਤਾਨ ਰਹੇ ਹਨ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਜਾਣ ਵਾਲੇ ਇਸ ਮੈਚ ਵਿਚ ਫਿਲਿਪ ਲਾਹਮ, ਅਰੇਜਨ ਰੋਬੇਨ, ਬਾਸਟੀਅਨ ਸਵੇੈਸਟਾਈਗਰ, ਥਾਮਸ ਮੂਲਰ ਅਤੇ ਮਾਰੀਓ ਗੋਮਜ਼, ਫਰੈਂਕ ਰਿਬੇਰੀ ਵਰਗੇ ਅੰਤਰਰਾਸ਼ਟਰੀ ਸਿਤਾਰੇ ਨਜ਼ਰ ਆਉਣਗੇ। ਬਾਇਰਨ ਨੇ ਇਸ ਮੈਚ ਵਿਚ ਆਪਣੀ ਪ੍ਰਮੁੱਖ ਟੀਮ ਉਤਾਰਨ ਦਾ ਫੈਸਲਾ ਕੀਤਾ ਹੈ ਜੋ ਦੋਹਾ ਵਿਚ ਇਕ ਹਫਤੇ ਦਾ ਅਭਿਆਸ ਕਰਨ ਤੋਂ ਬਾਅਦ ਇਥੇ ਆਈ ਹੈ। ਬਾਇਰਨ ਨੇ 22 ਵਾਰ ਬੁੰਡੇਸੀਲਗਾ ਤੇ ਚਾਰ ਵਾਰ ਯੂ.ਏ.ਐਫ. ਖਿਤਾਬ ਹਾਸਲ ਕੀਤਾ ਹੈ। ਭੂਟੀਆ ਨੇ ਮੰਨਿਆ ਕਿ ਕੌਮੀ ਟੀਮ ਤੇ ਬਾਇਰਨ ਮਿਊਨਿਖ ਵਿਚ ਕੋਈ ਮੁਕਾਬਲਾ ਨਹੀਂ ਪਰ ਭਾਰਤੀ ਟੀਮ ਨੂੰ ਆਪਣੀਆਂ ਕਮਜ਼ੋਰੀਆਂ ਤੋਂ ਸਿੱਖਣ ਦਾ ਮੌਕਾ ਮਿਲੇਗਾ ਕਿ ਉਨ੍ਹਾਂ ਖੇਡ ‘ਚ ਕਿੱਥੇ ਸੁਧਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦੀ ਤੁਲਨਾ ਬਾਇਰਨ ਮਿਊਨਿਖ ਨਾਲ ਨਹੀਂ ਹੋ ਸਕਦੀ, ਜੋ ਜਰਮਨੀ ਦੀ ਟੀਮ ਜਿੰਨੀ ਹੀ ਮਜ਼ਬੂਤ ਹੈ। ਉਨ੍ਹਾਂ ਕਿਹਾ, ”ਮੈਂ ਆਪਣੇ ਆਖਰੀ ਮੈਚ ਵਿਚ ਹਰ ਪਲ ਦਾ ਆਨੰਦ ਲਵਾਂਗਾ। ਮੈਨੂੰ ਇਸ ਗੱਲ ਦਾ ਫ਼ਖਰ ਹੈ ਕਿ ਮੇਰਾ ਆਖਰੀ ਮੈਚ ਬਾਇਰਨ ਮਿਊਨਿਖ ਵਰਗੇ ਸਰਵੋਤਮ ਫੁਟਬਾਲ ਕਲੱਬ ਨਾਲ ਹੈ।”
|
Total Views: 17797 |