|
ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜਾਂ ‘ਤੇ ਨਹੀਂ ਹੁੰਦੀ ਕੇਂਦਰੀ ਬਖ਼ਸ਼ਿਸ਼: ਮੋਦੀ
Date: Jan 10, 2012
ਜੈਪੁਰ, 9 ਜਨਵਰੀ-(ਪ,ਪ)
ਪਰਵਾਸੀ ਭਾਰਤੀ ਦਿਵਸ ਦੇ ਮੰਚ ਤੋਂ ਕੇਂਦਰ ਸਰਕਾਰ ਦੀ ਨੁਕਤਾਚੀਨੀ ਲਈ ਵਰਤਦਿਆਂ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਕੇਂਦਰ ਦੀ ‘ਬਖਸ਼ਿਸ਼’ ਪ੍ਰਾਪਤ ਨਹੀਂ ਹੈ ਅਤੇ ਵਿਕਾਸ ਦੇ ਮੋਰਚੇ ‘ਤੇ ਉਨ੍ਹਾਂ ਜੋ ਕੁਝ ਵੀ ਪ੍ਰਾਪਤ ਕੀਤਾ ਉਹ ਆਪਣੇ ਬਲਬੂਤੇ ਕੀਤਾ ਹੈ।
ਹਾਜ਼ਰੀਨ ਦੀਆਂ ਤਾੜੀਆਂ ਤੋਂ ਖੁਸ਼ ਹੋ ਕੇ ਮੋਦੀ ਨੇ ਆਪਣਾ ਲਿਖਤੀ ਭਾਸ਼ਨ ਪਾਸੇ ਰੱਖਦਿਆਂ ਪਰਵਾਸੀ ਭਾਰਤੀਆਂ ਸਾਹਮਣੇ ਕੇਂਦਰ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਨ੍ਹਾਂ ਰਾਜਸਥਾਨ ਅਤੇ ਗੁਜਰਾਤ ਦੇ ਰੇਗਿਸਤਾਨੀ ਇਲਾਕਿਆਂ ਵਿਚ ਸੋਲਰ ਬਿਜਲੀ ਪੈਦਾਵਾਰ ਯੂਨਿਟ ਲਾਉਣ ਦਾ ਸੁਝਾਅ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਦਾ ਕੋਈ ਜੁਆਬ ਨਾ ਦਿੱਤਾ।
10ਵੇਂ ਪਰਵਾਸੀ ਭਾਰਤੀ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ”ਰਾਜਸਥਾਨ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀਆਂ ਬਖਸ਼ਿਸ਼ਾਂ ਹਾਸਲ ਹਨ ਪਰ ਅਸੀਂ ਇੰਨੇ ਖੁਸ਼ਕਿਸਮਤ ਨਹੀਂ ਹਾਂ। ਸਾਨੂੰ ਕੁਝ ਨਹੀਂ ਮਿਲਦਾ। ਸਾਨੂੰ ਆਪਣੇ ਵਸੀਲਿਆਂ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ।” 30 ਮਿੰਟ ਦੇ ਉਨ੍ਹਾਂ ਦੇ ਭਾਸ਼ਨ ਤੋਂ ਬਾਅਦ ਹਾਜ਼ਰੀਨ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ।
ਉਨ੍ਹਾਂ ਕਿਹਾ, ”ਮੈਂ ਪਿਛਲੇ ਸਾਲ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਿਆ। ਆਮ ਤੌਰ ‘ਤੇ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਕੀ ਲਿਖਦਾ ਹੈ? ਉਹ ਫੰਡ ਮੰਗਦੇ ਹਨ। ਪਰ ਮੈਂ ਕਦੇ ਵੀ ਫੰਡ ਲੈਣ ਲਈ ਪੱਤਰ ਨਹੀਂ ਲਿਖਿਆ। ਉਸ ਪੱਤਰ ਵਿਚ ਪ੍ਰਧਾਨ ਮੰਤਰੀ ਨੂੰ ਗੁਜਰਾਤ ਲਈ ਇਕ ਉਪਗ੍ਰਹਿ ਅਲਾਟ ਕਰਨ ਦੀ ਮੰਗ ਕੀਤੀ ਗਈ ਸੀ ਪਰ ਉਹ ਸੋਚਾਂ ਵਿਚ ਪੈ ਗਏ ਕਿ ਕੀ ਕੀਤਾ ਜਾਵੇ। ਉਂਜ, ਸ੍ਰੀ ਮੋਦੀ ਨੇ ਮੰਨਿਆ ਕਿ ਗੁਜਰਾਤ ਨੂੰ ਭਾਰਤੀ ਸਪੇਸ ਕਮਿਊਨੀਕੇਸ਼ਨ ਸੈਟੇਲਾਈਟ ਤੋਂ 36 ਮੈਗਾਹਰਟਜ਼ ਦਾ ਕਿਊ -ਬੈਂਡ ਮਿਲ ਗਿਆ ਜਿਸ ਨਾਲ ਰਾਜ ਸਾਰੇ 12 ਖੇਤਰਾਂ ਵਿਚ ਦੂਰਵਤੀ ਸਿੱਖਿਆ ਪ੍ਰਣਾਲੀ ਲਾਗੂ ਕਰਨ ਦੇ ਯੋਗ ਹੋਇਆ।
|
Total Views: 17790 |