|
ਗੇਲ ਅਤੇ ਮਲਿੰਗਾ ਰਹੇ ਟਾਪ ‘ਤੇ
Date: May 30, 2011
ਚੇਨਈ, 29 ਮਈ (ਯੂ. ਐੱਨ. ਆਈ.)-
ਬੰਗਲੌਰ ਰਾਇਲ ਚੈਲੰਜਰਸ ਦੇ ਤੂਫਾਨੀ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਅਤੇ ਮੁੰਬਈ ਇੰਡੀਅਨਸ ਦੇ ਖਤਰਨਾਕ ਗੇਂਦਬਾਜ਼ ਲਸਿਥ ਮਲਿੰਗਾ ਇੰਡੀਅਨ ਪ੍ਰੀਮੀਅਰ ਲੀਗ ਦੇ ਟਾਪ ‘ਤੇ ਰਹੇ। ਗੇਲ ਜਿੱਥੇ 12 ਮੈਚਾਂ ‘ਚ 608 ਦੌੜਾਂ ਬਣਾ ਕੇ ਬੱਲੇਬਾਜ਼ੀ ‘ਚ ਟਾਪ ‘ਤੇ ਰਿਹਾ, ਉਧਰ ਮਲਿੰਗਾ 16 ਮੈਚਾਂ ‘ਚ 28 ਵਿਕਟਾਂ ਲੈ ਕੇ ਸਭ ਤੋਂ ਵਧੀਆ ਗੇਂਦਬਾਜ਼ ਬਣਿਆ। ਸੈਸ਼ਨ ‘ਚ ਸਭ ਤੋਂ ਵੱਧ 44 ਛੱਕੇ ਮਾਰਨ ਦਾ ਰਿਕਾਰਡ ਵੀ ਗੇਲ ਦੇ ਨਾਂ ਰਿਹਾ, ਜਦੋਂਕਿ ਗੇਂਦਬਾਜ਼ੀ ‘ਚ ਸਭ ਤੋਂ ਵਧੀਆ ਪ੍ਰਦਰਸ਼ਨ (5/13) ਮਲਿੰਗਾ ਦੇ ਨਾਂ ਰਿਹਾ।
ਆਈ. ਪੀ. ਐੱਲ. ਦੇ ਉਦਘਾਟਨੀ ਸੈਸ਼ਨ 2008 ‘ਚ ਕਿੰਗਜ਼ ਇਲੈਵਨ ਪੰਜਾਬ ਦੇ ਸ਼ਾਨ ਮਾਰਸ਼ ਨੇ 11 ਮੈਚਾਂ ‘ਚ 616 ਦੌੜਾਂ ਬਣਾਈਆਂ ਸਨ, ਜਦੋਂਕਿ ਮੁੰਬਈ ਦੇ ਕਪਤਾਨ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ 2010 ‘ਚ 15 ਮੈਚਾਂ ‘ਚ 618 ਦੌੜਾਂ ਬਣਾਈਆਂ ਸਨ। ਦੂਜੇ ਆਈ. ਪੀ. ਐੱਲ. 2009 ‘ਚ ਕੋਈ ਬੱਲੇਬਾਜ਼ ਇਹ ਕਾਰਨਾਮਾ ਨਹੀਂ ਕਰ ਸਕਿਆ ਸੀ। ਆਈ. ਪੀ. ਐੱਲ. 4 ‘ਚ ਸਭ ਤੋਂ ਵੱਧ ਦੌੜਾਂ ਦੇ ਮਾਮਲੇ ‘ਚ ਗੇਲ ਤੋਂ ਬਾਅਦ ਉਸਦੀ ਟੀਮ ਦੇ ਹੀ ਸਾਥੀ ਵਿਰਾਟ ਕੋਹਲੀ 16 ਮੈਚਾਂ ‘ਚ 557 ਦੌੜਾਂ ਅਤੇ ਤੀਜੇ ਨੰਬਰ ‘ਤੇ ਮੁੰਬਈ ਦੇ ਕਪਤਾਨ ਸਚਿਨ ਤੇਂਦੁਲਕਰ ਨੇ 16 ਮੈਚਾਂ ‘ਚ 553 ਦੌੜਾਂ ਬਣਾਈਆਂ। ਛੱਕਿਆਂ ਦੇ ਮਾਮਲੇ ‘ਚ ਵੀ ਗੇਲ ਦਾ ਕੋਈ ਮੁਕਾਬਲੇਬਾਜ਼ ਨਹੀਂ। ਉਸਨੇ 12 ਮੈਚਾਂ ‘ਚ 44 ਛੱਕੇ ਮਾਰੇ ਤਾਂ ਦੂਜੇ ਨੰਬਰ ‘ਤੇ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਮਹਿੰਦਰ ਸਿੰਘ ਧੋਨੀ ਨੇ 16 ਮੈਚਾਂ ‘ਚ 23 ਛੱਕੇ ਲਗਾਏ। ਇਸੇ ਤਰ੍ਹਾਂ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ 21 ਛੱਕਿਆਂ ਦਾ ਫਾਸਲਾ ਰਿਹਾ। ਗੇਂਦਬਾਜ਼ੀ ‘ਚ ਲਸਿਥ ਮਲਿੰਗਾ ਦੇ ਤੂਫਾਨ ਦੇ ਆਲੇ-ਦੁਆਲੇ ਪਹੁੰਚਣਾ ਕਿਸੇ ਵੀ ਗੇਂਦਬਾਜ਼ ਲਈ ਬਹੁਤ ਮੁਸ਼ਕਿਲ ਰਿਹਾ। ਸਭ ਤੋਂ ਵੱਧ ਵਿਕਟਾਂ ਲੈਣ ‘ਚ ਮਲਿੰਗਾ ਤੋਂ ਬਾਅਦ ਦੂਜੇ ਨੰਬਰ ‘ਤੇ ਉਸਦੀ ਹੀ ਟੀਮ ਦਾ ਸਾਥੀ ਮੁਨਾਫ ਪਟੇਲ ਰਿਹਾ। ਉਸਨੇ 15 ਮੈਚਾਂ ‘ਚ 22 ਵਿਕਟਾਂ ਲਈਆਂ ਅਤੇ ਤੀਜੇ ਨੰਬਰ ‘ਤੇ ਉਪ ਜੇਤੂ ਬੰਗਲੌਰ ਰਾਇਲ ਚੈਲੰਜਰਸ ਦਾ ਸ਼੍ਰੀਨਾਥ ਅਰਵਿੰਦ ਰਿਹਾ। ਅਰਵਿੰਦ ਨੇ 13 ਮੈਚਾਂ ‘ਚ 21 ਵਿਕਟਾਂ ਲਈਆਂ। ਵਿਕਟਕੀਪਿੰਗ ‘ਚ ਡੈਕਨ ਚਾਰਜਰਸ ਦਾ ਕਪਤਾਨ ਕੁਮਾਰ ਸੰਗਾਕਾਰਾ ਸਿਰਫ 13 ਮੈਚਾਂ ‘ਚ 19 ਸ਼ਿਕਾਰ ਬਣਾ ਕੇ ਟੂਰਨਾਮੈਂਟ ਦਾ ਸਭ ਤੋਂ ਸਫਲ ਵਿਕਟਕੀਪਰ ਬਣਿਆ, ਜਦੋਂਕਿ ਮੁੰਬਈ ਦਾ ਕਿਰੋਨ ਪੋਲਾਰਡ 10 ਕੈਚ ਲੈ ਕੇ ਸਭ ਤੋਂ ਜ਼ਿਆਦਾ ਕੈਚ ਫੜਨ ਵਾਲਾ ਫੀਲਡਰ ਰਿਹਾ। ਵਿਕਟਕੀਪਿੰਗ ‘ਚ ਸਭ ਤੋਂ ਜ਼ਿਆਦਾ ਸ਼ਿਕਾਰ ਦੇ ਮਾਮਲੇ ‘ਚ ਪੁਣੇ ਦੇ ਰੋਬਿਨ ਉਥੱਪਾ (15) ਦੂਜੇ ਅਤੇ ਪੰਜਾਬ ਦਾ ਐਡਮ ਗਿਲਕ੍ਰਿਸਟ (12) ਤੀਜੇ ਸਥਾਨ ‘ਤੇ ਰਿਹਾ।
|
Total Views: 17758 |