|
ਵਿਸ਼ਵ ਕੱਪ ਦੌਰਾਨ ਡੋਪ ਟੈਸਟ ‘ਚ ਫੇਲ ਰਿਹਾ ਸੀ ਥਰੰਗਾ
Date: May 30, 2011
ਕੋਲੰਬੋ, 29 ਮਈ (ਭਾਸ਼ਾ)-
ਸ਼੍ਰੀਲੰਕਾ ਦਾ ਬੱਲੇਬਾਜ਼ ਉਪੁਲ ਥਰੰਗਾ ਕਥਿਤ ਤੌਰ ‘ਤੇ ਹਾਲ ਹੀ ‘ਚ ਸੰਪੰਨ ਹੋਏ ਵਿਸ਼ਵ ਕੱਪ ਦੌਰਾਨ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਆਈ. ਸੀ. ਸੀ. ਛੇਤੀ ਹੀ ਇਸ ਖਿਡਾਰੀ ਖਿਲਾਫ ਜਾਂਚ ਕਰੇਗੀ। ‘ਸੰਡੇ ਟਾਈਮਸ’ ਦੀ ਰਿਪੋਰਟ ਮੁਤਾਬਕ ਖੱਬੇ ਹੱਥ ਦਾ ਇਹ ਸਲਾਮੀ ਬੱਲੇਬਾਜ਼ ਪਾਬੰਦੀਸ਼ੁਦਾ ਪਦਾਰਥ ਪ੍ਰੋਡਨੀਸੋਲੋਨ ਲਈ ਪਾਜ਼ੇਟਿਵ ਪਾਇਆ ਗਿਆ ਸੀ। ਉਸਨੂੰ ਇਕ ਡਾਕਟਰ ਨੇ ਇਹ ਦਵਾਈ ਲੈਣ ਲਈ ਕਿਹਾ ਸੀ। ਸਮਾਚਾਰ ਪੱਤਰ ਅਨੁਸਾਰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਹਾਲ ਹੀ ‘ਚ ਸੰਪੰਨ ਹੋਏ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਲਈ ਪਾਜ਼ੇਟਿਵ ਪਾਏ ਜਾਣ ‘ਤੇ ਥਰੰਗਾ ਖਿਲਾਫ ਛੇਤੀ ਜਾਂਚ ਸ਼ੁਰੂ ਕਰੇਗਾ। ਥਰੰਗਾ ਨੇ ਕੋਲੰਬੋ ‘ਚ ਇੰਗਲੈਂਡ ਖਿਲਾਫ ਸੈਮੀਫਾਈਨਲ ‘ਚ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ ਸੀ। ਟੀਮ ਬਾਅਦ ‘ਚ ਮੁੰਬਈ ‘ਚ ਹੋਏ ਫਾਈਨਲ ‘ਚ ਭਾਰਤ ਹੱਥੋਂ ਉਪ ਜੇਤੂ ਰਹੀ। ਸਮਾਚਾਰ ਪੱਤਰ ਨੇ ਕਿਹਾ ਕਿ ਆਈ. ਸੀ. ਸੀ. ਜਾਂਚ ‘ਚ ਥਰੰਗਾ ਦੇ ਬਚਾਅ ਲਈ ਪਹਿਲਾਂ ਹੀ ਵਕੀਲਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਥਰੰਗਾ ਨੇ ਕਿਹਾ ਸੀ ਕਿ ਇਕ ਮਸ਼ਹੂਰ ਡਾਕਟਰ ਨੇ ਉਸ ਨੂੰ ਇਹ ਦਵਾਈ ਲੈਣ ਦੀ ਸਲਾਹ ਦਿੱਤੀ ਸੀ ਜੋ ਸਚਿਨ ਤੇਂਦੁਲਕਰ, ਗੌਤਮ ਗੰਭੀਰ ਅਤੇ ਆਸ਼ਿਸ਼ ਨਹਿਰਾ ਜਿਹੇ ਭਾਰਤੀ ਸਟਾਰ ਖਿਡਾਰੀਆਂ ਦਾ ਇਲਾਜ ਕਰ ਚੁੱਕਾ ਹੈ। ਪ੍ਰੋਡਨੀਸੋਲੋਨ ਦਾ ਇਸਤੇਮਾਲ ਦਮਾ ਜਿਹੀਆਂ ਬੀਮਾਰੀਆਂ ਦੇ ਇਲਾਜ ਲਈ ਕੀਤਾ ਜਾਂਦਾ ਹੈ ਅਤੇ ਇਹ 26 ਸਾਲਾ ਬੱਲੇਬਾਜ਼ ਦਮੇ ਤੋਂ ਪੀੜਤ ਰਿਹਾ ਹੈ। ਇਹ ਬੱਲੇਬਾਜ਼ ਗੋਡੇ ਦੀ ਸੱਟ ਕਾਰਨ ਪਿਛਲੇ ਕੁਝ ਦਿਨਾਂ ਤੋਂ ਟ੍ਰੇਨਿੰਗ ਨਹੀਂ ਕਰ ਰਿਹਾ ਹੈ ਅਤੇ ਉਸ ਨੂੰ ਇੰਗਲੈਂਡ ਦੌਰੇ ਲਈ ਕੌਮੀ ਟੀਮ ‘ਚ ਵੀ ਨਹੀਂ ਚੁਣਿਆ ਗਿਆ। ਸ਼੍ਰੀਲੰਕਾ ਕ੍ਰਿਕਟ ਦੇ ਸਕੱਤਰ ਨਿਸ਼ਾਂਤ ਰਣਤੁੰਗਾ ਨੇ ਥਰੰਗਾ ਦੇ ਡੋਪ ਟੈਸਟ ‘ਚ ਫੇਲ ਹੋਣ ਦੀ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ।
|
Total Views: 17756 |