|
ਘਰੇਲੂ ਮੈਦਾਨ ‘ਤੇ ਅਜੇਤੂ ਮੁਹਿੰਮ ਜਾਰੀ ਰੱਖਣ ਉਤਰੇਗਾ ਚੇਨਈ
Date: May 28, 2011
ਚੇਨਈ, 27 ਮਈ (ਪ,ਪ)-
ਮਹਿੰਦਰ ਸਿੰਘ ਧੋਨੀ ਜਿਹੇ ਸਫਲ ਅਤੇ ਸ਼ਾਂਤ ਕਪਤਾਨ ਦੀ ਅਗਵਾਈ ਹੇਠ ਚੇਨਈ ਸੁਪਰ ਕਿੰਗਜ਼ ਕੱਲ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ‘ਗ੍ਰੈਂਡ ਫਿਨਾਲੇ’ ‘ਚ ਘਰੇਲੂ ਮੈਦਾਨ ‘ਤੇ ਆਪਣਾ ਜੇਤੂ ਅਭਿਆਨ ਜਾਰੀ ਰੱਖ ਕੇ ਲਗਾਤਾਰ ਦੂਜੇ ਸਾਲ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਕਿਸਮਤ ਹਮੇਸ਼ਾ ਧੋਨੀ ਦੇ ਨਾਲ ਰਹੀ ਹੈ ਪਰ ਉਹ ਆਪਣੇ ਵਲੋਂ ਵੀ ਕੋਈ ਕਸਰ ਵੀ ਨਹੀਂ ਛੱਡਦਾ। ਉਸਦੀ ਟੀਮ ਲਗਾਤਾਰ ਦੂਜੇ ਸਾਲ ਆਈ. ਪੀ. ਐੱਲ. ਫਾਈਨਲ ‘ਚ ਪੁੱਜਣ ‘ਚ ਸਫਲ ਰਹੀ ਹੈ। ਚੇਨਈ ਸੁਪਰ ਕਿੰਗਜ਼ ਨੂੰ ਫਾਈਨਲ ‘ਚ ਰਾਇਲ ਚੈਲੰਜਰਸ ਬੰਗਲੌਰ ਨਾਲ ਭਿੜਨਾ ਹੈ ਜਿਸਨੇ ਕੱਲ ਮੁੰਬਈ ਇੰਡੀਅਨਸ ਨੂੰ 44 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਚੇਨਈ ਦਾ ਐੱਮ. ਏ. ਚਿਦਾਂਬਰਮ ਸਟੇਡੀਮ ਧੋਨੀ ਅਤੇ ਉਸਦੀ ਟੀਮ ਲਈ ਚੰਗਾ ਰਿਹਾ ਹੈ। ਸੁਪਰ ਕਿੰਗਜ਼ ਨੇ ਆਪਣੇ ਘਰੇਲੂ ਮੈਦਾਨ ‘ਤੇ ਸਾਰੇ ਸੱਤ ਮੈਚ ਜਿੱਤੇ ਹਨ ਅਤੇ ਫਾਈਨਲ ਵੀ ਇਸੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਥੇ ਉਸ ਨੂੰ ਦਰਸ਼ਕਾਂ ਦਾ ਵੀ ਪੂਰਾ ਸਮਰਥਨ ਮਿਲਦਾ ਰਿਹਾ ਹੈ। ਧੋਨੀ ਨੇ ਬਾਹਰੀ ਮੈਚਾਂ ‘ਚ ਹਾਰ ਦੇ ਬਾਵਜੂਦ ਆਪਣੇ ਖਿਡਾਰੀਆਂ ‘ਤੇ ਭਰੋਸਾ ਜਤਾਇਆ ਹੈ। ਉਸਦੀ ਟੀਮ ਕਾਫੀ ਸੰਤੁਲਿਤ ਹੈ।
ਇਸ ਵਾਰ ਵੀ ਜਿੱਤਾਂਗੇ ਆਈ. ਪੀ. ਐੱਲ. : ਫਲੇਮਿੰਗ : ਲਗਾਤਾਰ ਦੂਜੇ ਸਾਲ ਫਾਈਨਲ ‘ਚ ਜਗ੍ਹਾ ਬਣਾ ਚੁੱਕੇ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਕ ਵਾਰ ਫਿਰ ਆਈ. ਪੀ. ਐੱਲ. ਖਿਤਾਬ ਜਿੱਤਣ ਲਈ ਤਿਆਰ ਹੈ। ਫਲੇਮਿੰਗ ਨੇ ਵੀਰਵਾਰ ਨੂੰ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਦੁਬਾਰਾ ਫਾਈਨਲ ‘ਚ ਪਹੁੰਚ ਕੇ ਅਸੀਂ ਬਹੁਤ ਰੋਮਾਂਚਿਤ ਹਾਂ ਅਤੇ ਸਾਨੂੰ ਯਕੀਨ ਹੈ ਕਿ ਅਸੀਂ ਇਸ ਵਾਰ ਵੀ ਖਿਤਾਬ ਜਿੱਤਾਂਗੇ। ਅਸੀਂ ਕਿਸੇ ਚੀਜ਼ ਨੂੰ ਹਲਕੇ ‘ਚ ਨਹੀਂ ਲੈ ਰਹੇ ਹਾਂ ਪਰ ਘਰੇਲੂ ਮੈਦਾਨ ‘ਤੇ ਖੇਡਣ ਦਾ ਫਾਇਦਾ ਜ਼ਰੂਰ ਮਿਲੇਗਾ। ਕੋਚ ਨੇ ਕਿਹਾ ਕਿ ਅਸੀਂ ਇਥੇ ਸਾਰੇ ਲੀਗ ਮੈਚ ਜਿੱਤੇ ਹਨ ਅਤੇ ਪਿਛਲੇ ਕੁਝ ਬਾਹਰੀ ਮੈਚਾਂ ‘ਚ ਵੀ ਸਾਡਾ ਪ੍ਰਦਰਸ਼ਨ ਬੇਹਤਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਫਾਈਨਲ ਲਈ ਵੀ ਸਾਨੂੰ ਉਸੇ ਤਰ੍ਹਾਂ ਦਾ ਵਿਕਟ ਮਿਲੇਗਾ ਜਿਸ ਤਰ੍ਹਾਂ ਪਿਛਲੇ ਮੈਚਾਂ ‘ਚ ਸੀ। ਫਲੈਮਿੰਗ ਨੇ ਟੀਮ ‘ਚ ਤੀਜੇ ਸਪਿਨਰ ਦੀ ਕਮੀ ਦੀ ਗੱਲ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸੁਰੇਸ਼ ਰੈਨਾ ਨੇ ਇਸ ਕਮੀ ਨੂੰ ਪੂਰਾ ਕਰ ਦਿੱਤਾ ਹੈ ਅਤੇ ਉਹ ਲਗਾਤਾਰ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ।
ਕੋਚ ਨੇ ਟੀਮ ਦੀ ਸਫਲਤਾ ‘ਚ ਸਟ੍ਰਾਈਕ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਆਲ ਰਾਊਂਡਰ ਦੱਖਣੀ ਅਫਰੀਕੀ ਖਿਡਾਰੀ ਐੱਲ ਬੀ ਮੌਰਕਲ ਦੀ ਵੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਮੌਰਕਲ ਨੇ ਬੱਲੇਬਾਜ਼ੀ ‘ਚ ਘੱਟ ਮੌਕੇ ਮਿਲਣ ਦੇ ਬਾਵਜੂਦ ਉਪਯੋਗੀ ਯੋਗਦਾਨ ਦਿੱਤਾ ਹੈ।
|
Total Views: 17737 |