|
ਕਿਉਂ ਹੁੰਦਾ ਹੈ ਆਰਥਰਾਇਟਿਸ?
Date: May 25, 2011
ਆਰਥਰਾਇਟਿਸ ਇਕ ਅਜਿਹੀ ਬੀਮਾਰੀ ਹੈ, ਜਿਸਦੇ ਕਾਰਨ ਜੋੜਾਂ ਵਿਚ ਸੋਜ਼, ਅਸਹਿਣਯੋਗ ਦਰਦ ਤੇ ਜਲਣ ਹੁੰਦੀ ਹੈ। ਇਸ ਬੀਮਾਰੀ ਵੇਲੇ ਇਕ ਸਥਿਤੀ ਤੋਂ ਬਾਅਦ ਰੋਗੀ ਦੇ ਜੋੜ ਇਕ ਤਰ੍ਹਾਂ ਬੇਕਾਰ ਹੋ ਜਾਂਦੇ ਹਨ। ਹਾਲਾਂਕਿ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਨੂੰ ਅਪਾਹਜ ਬਣਾਉਣ ਵਾਲੀ ਇਸ ਬੀਮਾਰੀ ਦੇ ਇਲਾਜ ਦੀ ਦਿਸ਼ਾ ‘ਚ ਕਾਫੀ ਤਰੱਕੀ ਹੋਈ ਹੈ ਪਰ ਇਹ ਬੀਮਾਰੀ ਆਖਰ ਹੁੰਦੀ ਕਿਵੇਂ ਤੇ ਕਿਉਂ ਹੈ, ਇਸ ਬਾਰੇ ਹੁਣ ਤਕ ਸਹੀ-ਸਹੀ ਜਾਣਕਾਰੀ ਨਹੀਂ ਮਿਲੀ ਸੀ ਪਰ ਅਮਰੀਕੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ‘ਰਿਊਮੋਟਾਇਡ ਆਰਥਰਾਇਟਿਸ’ ਦਾ ਅਸਲ ਕਾਰਨ ਲੱਭ ਲਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਰੋੜਾਂ ਲੋਕਾਂ ਨੂੰ ਅਪਾਹਜ ਬਣਾਉਣ ਵਾਲੀ ਇਸ ਬੀਮਾਰੀ ਦਾ ਅਸਲ ਕਾਰਨ ਸਰੀਰ ਵਿਚਲੇ ਕੁਝ ਖਾਸ ਕਿਸਮ ਦੇ ਕਾਰਬੋਹਾਈਡ੍ਰੇਟਸ ਪ੍ਰਤੀ ਸਰੀਰ ਦੀ ਬੀਮਾਰੂ-ਰੋਕੂ ਪ੍ਰਣਾਲੀ ਦੀ ਅਸਾਧਾਰਨ ਪ੍ਰਤੀਕਿਰਿਆ ਹੈ। ਵਿਗਿਆਨੀਆਂ ਦੀ ਇਸ ਟੀਮ ਦੀ ਮੁਖੀ ਡਾ. ਜੂਲੀਆ ਯਿੰਗ ਵੇਂਗ ਦਾ ਕਹਿਣਾ ਹੈ ਕਿ ਮਨੁੱਖੀ ਸਰੀਰ ਦੇ ਕਾਰਟੀਲੇਜ, ਜੁਆਇੰਟ ਫਲੂਡ, ਟਿਸ਼ੂਜ਼ ਤੇ ਚਮੜੀ ਵਿਚਲੇ ‘ਗਲਾਈਕੋਸਾਮਿਨੋਗਲੀਕੇਂਸ’ ਨਾਂ ਦੇ ਕਾਰਬੋਹਾਈਡ੍ਰੇਟਸ ਸਰੀਰ ਦੀ ਬੀਮਾਰੀ-ਰੋਕੂ ਪ੍ਰਣਾਲੀ ਨਾਲ ਅਜਿਹੀ ਪ੍ਰਤੀਕਿਰਿਆ ਸ਼ੁਰੂ ਕਰਦੇ ਹਨ ਜੋ ਅੱਗੇ ਜਾ ਕੇ ‘ਆਰਥਰਾਇਟਿਸ’ ਦਾ ਮੁਖ ਕਾਰਨ ਬਣ ਜਾਂਦੀ ਹੈ। ਮੈਸਾਚੁਸੈਟਸ ਦੇ ਹਾਰਵਰਡ ਮੈਡੀਕਲ ਸਕੂਲ ਐਂਡ ਵੂਮੈੱਨਜ਼ ਹਾਸਪੀਟਲ ਦੇ ਵਿਗਿਆਨੀਆਂ ਨੇ ‘ਜੀ. ਏ. ਜੀ.’ ਅਖਵਾਉਣ ਵਾਲੇ ਇਸ ਕਾਰਬੋਹਾਈਡ੍ਰੇਟ ਦੇ ਅਸਰ ਦੀ ਚੂਹਿਆਂ ‘ਤੇ ਪਰਖ ਕੀਤੀ। ਆਰਥਰਾਇਟਿਸ ਦੇ ਲੱਛਣਾਂ ਵਾਲੇ ਚੂਹਿਆਂ ਦੇ ਜੋੜਾਂ ‘ਚੋਂ ਲਏ ਗਏ ਟਿਸ਼ੂਆਂ ਦੀ ਪਰਖ ਕਰਨ ‘ਤੇ ਪਤਾ ਲੱਗਾ ਕਿ ਉਨ੍ਹਾਂ ਦੇ ਜੋੜਾਂ ਵਿਚ ਮਿਲਣ ਵਾਲੇ ‘ਇਨਫਲਾਮੈਂਟਰੀ ਸੈੱਲਜ਼’ ਖੁਦ ਨੂੰ ਸਿੱਧੇ ਤੌਰ ‘ ਤੇ ਜੀ. ਏ. ਜੀ. ਕਾਰਬੋਹਾਈਡ੍ਰੇਟ ਦੀਆਂ ਕੋਸ਼ਿਕਾਵਾਂ ਨਾਲ ਜੋੜ ਲੈਂਦੇ ਹਨ, ਜਿਸ ਕਾਰਨ ਜ਼ਿਆਦਾ ਜਲਣ, ਦਰਦ ਤੇ ਸੋਜ਼ ਮਹਿਸੂਸ ਹੁੰਦੀ ਹੈ।
|
Total Views: 17722 |