|
ਭਾਰਤ ਨਾਲ ਕਾਰੋਬਾਰ ਵਧੇਗਾ
Date: May 25, 2011
ਮੈਲਬੋਰਨ, 24 ਮਈ (ਪ,ਪ)-
ਹਾਲ ਹੀ ਵਿਚ ਭਾਰਤੀ ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਦੇ ਆਸਟ੍ਰੇਲੀਆ ਦੌਰੇ ਦੌਰਾਨ ਕੈਨਬਰਾ ਵਿਚ ਹੋਈ ਗੱਲਬਾਤ ਵਿਚ ਦੋਵਾਂ ਦੇਸ਼ਾਂ ਦੇ ਦੋਪੱਖੀ ਕਾਰੋਬਾਰ ਵਧਾਉਣ ‘ਤੇ ਜ਼ੋਰ ਦਿੱਤਾ ਹੈ। ਇਹ ਜਾਣਕਾਰੀ ਆਸਟ੍ਰੇਲੀਆ ਦੇ ਵਪਾਰ ਮੰਤਰੀ ਨੇ ਦਿੱਤੀ। ਭਾਰਤ ਅਤੇ ਆਸਟ੍ਰੇਲੀਆ ਨੇ ਵਿਆਪਕ ਆਰਥਿਕ ਸਹਿਯੋਗ ‘ਤੇ ਗੱਲਬਾਤ ਪੂਰੀ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਿਚ ਵਾਧਾ ਹੋਣ ਦੀ ਉਮੀਦ ਹੈ। ਏ. ਬੀ. ਸੀ. ਰੇਡੀਓ ਨੂੰ ਦਿੱਤੀ ਇੰਟਰਵਿਊ ਵਿਚ ਆਸਟ੍ਰੇਲੀਏ ਦੇ ਵਪਾਰ ਮੰਤਰੀ ਕਰੈਗ ਇਮਰਸਨ ਨੇ ਭਾਰਤ ਦੇ ਵਧਦੇ ਮਹੱਤਵ, ਖਾਸ ਕਰਕੇ ਭਾਰਤ ਦੇ ਖੁਰਾਕ ਸੁਰੱਖਿਆ ਦੇ ਸੰਦਰਭ ਵਿਚ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਨਾਲ ਦੋਪੱਖੀ ਸੰਬੰਧਾਂ ਵਿਚ ਭਾਰਤ ਅਤੇ ਖੇਤਰ ਦੇ ਹੋਰਨਾਂ ਦੇਸ਼ਾਂ ਲਈ ਖੁਰਾਕ ਸੁਰੱਖਿਆ ਇਕ ਮੁੱਦਾ ਬਣਨ ਜਾ ਰਿਹਾ ਹੈ। ਉਹ ਅਨਾਜ ਵਿਚ ਆਤਮਨਿਰਭਰਤਾ ‘ ਤੇ ਜ਼ੋਰ ਦੇ ਰਹੇ ਹਨ, ਜਦਕਿ ਦੂਜੇ ਪਾਸੇ ਅਨਾਜ ਲਈ ਘੱਟ ਭੂਮੀ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਲਈ ਲੋੜੀਂਦੇ ਮੌਕੇ ਹਨ ਅਤੇ ਮੈਨੂੰ ਲੱਗਦਾ ਹੈ ਕਿ 1991 ਤੋਂ ਅਸੀਂ ਇਸ ਦਾ ਪੂਰਾ ਲਾਭ ਨਹੀਂ ਲੈ ਸਕੇ ਹਾਂ।
|
Total Views: 17714 |