|
ਬਿਨਾਂ ਵਪਾਰ ਕੀਤਿਆਂ ਰੂੰ ‘ਚ ਤੇਜ਼ੀ
Date: May 25, 2011
ਜੈਤੋਂ, 24 ਮਈ (ਪ,ਪ)¸
ਉੱਤਰ ਖੇਤਰ ਦੇ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਜ਼ਿਲਾ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਸਰਕਲ ਦੀਆਂ ਮੰਡੀਆਂ ‘ਚ ਅੱਜ ਵੀ ਰੂੰ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਰੁਖ ਬਣਿਆ ਰਿਹਾ ਪਰ ਇਹ ਤੇਜ਼ੀ ਬਿਨਾਂ ਕੋਈ ਵਪਾਰ ਕੀਤੇ ਹੀ ਬਣ ਰਹੀ ਹੈ। ਰੂੰ ਕਾਰੋਬਾਰੀ ਸੂਤਰਾਂ ਨੇ ਅੱਜ ਬਠਿੰਡਾ ਵਿਚ ਦੱਸਿਆ ਕਿ ਪੰਜਾਬ ਵਿਚ ਬੀਤੇ ਹਫ਼ਤੇ ਜੇ 34 ਰੋਲਰ ਰੂੰ ਦੇ ਭਾਅ ਹੇਠਾਂ 4600 ਰੁਪਏ ਪ੍ਰਤੀ ਮਣ ਰਹਿ ਗਏ ਸਨ, ਅੱਜ 4825 ਤੋਂ 48.60 ਰੁਪਏ ਪ੍ਰਤੀ ਮਣ ਬੋਲੇ ਗਏ। ਉੱਤਰੀ ਜ਼ੋਨ ਦੇ ਇਨ੍ਹਾਂ ਰਾਜਾਂ ਦੀਆਂ ਮੰਡੀਆਂ ਵਿਚ ਭਾਵੇਂ ਇਨ੍ਹਾਂ ਦੇ ਭਾਅ ਵਿਚ ਕੋਈ ਮੋਟੀ ਮੰਗ ਨਹੀਂ ਆਈ ਪਰ ਮਾਮੂਲੀ ਰੂੰ ਦੀਆਂ ਗੰਢਾਂ ਦੀ ਲਿਵਾਲੀ ਰਹੀ। ਬੀਤੇ ਕਈ ਦਿਨਾਂ ਤੋਂ ਰੂੰ ਦਾ ਵਪਾਰ ਸੁਣਨ ਵਿਚ ਨਹੀਂ ਆ ਰਿਹਾ ਹੈ ਫਿਰ ਵੀ ਰੂੰ ਦੀਆਂ ਕੀਮਤਾਂ ਵਿਚ ਬਿਨਾਂ ਵਪਾਰ ਤੋਂ ਹੀ ਉਤਾਰ-ਚੜ੍ਹਾਅ ਬਣ ਰਿਹਾ ਹੈ। ਪੰਜਾਬ ਕਾਟਨ ਜਿਨਰ ਐਂਡ ਪ੍ਰੋਸਿੰਗ ਫੈਕਟਰੀ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਭਗਵਾਨ ਬਾਂਸਲ ਦਾ ਕਹਿਣਾ ਹੈ ਕਿ ਕਤਾਈ ਮਿੱਲਾਂ ਦੀ ਜੋ ਮੰਗ ਰੂੰ ਪ੍ਰਤੀ ਬਣੀ ਹੋਈ ਹੈ, ਉਸ ਤੋਂ ਲੱਗਦਾ ਹੈ ਕਿ ਰੂੰ ਵਿਚ ਤੇਜ਼ੀ ਆਉਣ ਦੀ ਬਹੁਤ ਘੱਟ ਉਮੀਦ ਹੈ। ਬਾਜ਼ਾਰ ਵਿਚ 4-5 ਦਿਨਾਂ ਤੋਂ ਰੂੰ ਦੀਆਂ ਕੀਮਤਾਂ ਬਿਨਾਂ ਕਾਰੋਬਾਰ ਤੋਂ 250 ਰੁਪਏ ਮਣ ਵੱਧ ਗਈਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੱਪੜਾ ਮੰਤਰੀ ਦਯਾਨਿਧੀ ਮਾਰਨ ਦੇ ਬਿਆਨ ਸਦਕਾ ਰੂੰ ਕਾਰੋਬਾਰੀਆਂ ਦਾ ਸੈਂਟੀਮੈਂਟਲ ਬਦਲਣਾ ਹੈ ਅਤੇ ਹੋਰ ਕੁਝ ਨਹੀਂ ਹੈ। ਭਗਵਾਨ ਬਾਂਸਲ ਨੇ ਕਿਹਾ ਕਿ ਚਾਹੁੰਦੇ ਤਾਂ ਉਹ ਵੀ ਹਨ ਕਿ ਰੂੰ ਵਿਚ ਤੇਜ਼ੀ ਆਏ ਕਿਉਂਕਿ ਪੰਜਾਬ ਵਿਚ ਲਗਭਗ 50,000 ਗੰਢਾਂ ਕਪਾਹ ਦਾ ਸਟਾਕ ਪਿਆ ਹੈ, ਜੇਕਰ ਤੇਜ਼ੀ ਨਹੀਂ ਆਈ ਤਾਂ ਰਾਜ ਦੇ ਕਾਟਨ ਜਿਨਰਾਂ ਨੂੰ ਮੋਟਾ ਨੁਕਸਾਨ ਹੋ ਸਕਦਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਕਾਟਨ ਜਿਨਰਾਂ ਨੂੰ ਬਚਾਉਣ ਲਈ ਸੋਚਣ ਦੀ ਬਹੁਤ ਜ਼ਰੂਰਤ ਹੈ। ਫਿਲਹਾਲ ਦੇਸ਼ ਭਰ ਵਿਚ ਰੂੰ ਦਾ ਰੁਖ ਨਰਮ ਚੱਲ ਰਿਹਾ ਹੈ। ਅੱਗੇ ਰੁਖ ਦਾ ਕੀ ਬਣਦਾ ਹੈ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ।
|
Total Views: 17706 |