|
ਬੰਗਾਲ ‘ਚ ਉਦਯੋਗਿਕ ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾਵੇਗੀ
Date: May 23, 2011
ਕੋਲਕਾਤਾ, 22 ਮਈ (ਯੂ. ਐੱਨ. ਆਈ.)-
ਪੱਛਮੀ ਬੰਗਾਲ ‘ਚ 34 ਸਾਲਾ ਤਕ ਰਾਜ ਕਰਨ ਵਾਲੀ ਮਾਕਪਾ ਸਰਕਾਰ ਦੇ ਕਿਲ੍ਹੇ ਨੂੰ ਫਤਿਹ ਕਰ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਨੇ ਕਿਹਾ ਕਿ ਕਾਫੀ ਸਮੇਂ ਤੋਂ ਵਿਕਾਸ ਤੋਂ ਵਾਂਝੇ ਰਹੇ ਇਸ ਰਾਜ ‘ਚ ਉਦਯੋਗਿਕ ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾਵੇਗੀ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਲੈਣ ਦੇ ਨਾਲ ਹੀ ਮਮਤਾ ਵਿੱਤ ਵਿਭਾਗ ਦੀ ਕਮਾਨ ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਅਮਿਤ ਮਿੱਤਰਾ ਅਤੇ ਵਪਾਰ ਤੇ ਉਦਯੋਗ ਮੰਤਰਾਲਾ ਪਾਰਥੋ ਚੈਟਰਜੀ ਨੂੰ ਸੌਂਪ ਕੇ ਇਹ ਸੰਦੇਸ਼ ਦਿੱਤਾ ਹੈ ਕਿ ਰਾਜ ‘ਚ ਤੇਜ਼ ਉਦਯੋਗਿਕ ਵਿਕਾਸ ਦਾ ਰਾਹ ਖੁੱਲ੍ਹੇਗਾ। ਇਨ੍ਹਾਂ ਸਾਰਿਆਂ ਵਿਚਾਲੇ ਸਭ ਤੋਂ ਮਜ਼ੇਦਾਰ ਗੱਲ ਇਹ ਰਹੀ ਕਿ ਸਿੰਗੂਰ ਤੋਂ ਟਾਟਾ ਦੇ ਨੈਨੋ ਪਲਾਂਟ ਨੂੰ ਹਟਾਏ ਜਾਣ ‘ਚ ਮੋਹਰੀ ਰਹੀ ਮਮਤਾ ਨੇ ਉਨ੍ਹਾਂ ਨੂੰ ਵਾਪਸ ਰਾਜ ‘ਚ ਉਦਯੋਗ ਲਗਾਉਣ ਦਾ ਸੱਦਾ ਦਿੱਤਾ ਹੈ ਪਰ ਨਾਲ ਹੀ ਇਹ ਸ਼ਰਤ ਵੀ ਰੱਖੀ ਹੈ ਕਿ ਜੇ ਉਹ ਪਲਾਂਟ ਲਈ ਕਿਸਾਨਾਂ ਤੋਂ ਲਈ ਗਈ 400 ਏਕੜ ਜ਼ਮੀਨ ਵਾਪਸ ਕਰ ਦਿੰਦੇ ਹਨ ਤਾਂ ਰਾਜ ‘ਚ ਉਨ੍ਹਾਂ ਦਾ ਸਵਾਗਤ ਹੈ। ਪੱਛਮੀ ਬੰਗਾਲ ਕਈ ਵੱਡੇ ਉਦਯੋਗਾਂ ਦਾ ਕੇਂਦਰ ਰਿਹਾ ਹੈ ਪਰ ਪਿਛਲੀ ਸਰਕਾਰ ਦੇ ਰਾਜ ‘ਚ ਨਿਵੇਸ਼ ਨੂੰ ਲੈ ਕੇ ਅਪਣਾਈਆਂ ਗਈਆਂ ਨੀਤੀਆਂ ਕਾਰਨ ਉਦਯੋਗਾਂ ਨੂੰ ਵਧਣ ਫੁੱਲਣ ਦਾ ਮੌਕਾ ਨਹੀਂ ਮਿਲਿਆ। ਅਜਿਹੇ ‘ਚ ਨਵੀਂ ਸਰਕਾਰ ਦੇ ਆਉਂਦਿਆਂ ਹੀ ਰਾਜ ਦਾ ਉਦਯੋਗਿਕ ਸਮਾਜ ਕਾਫੀ ਉਤਸ਼ਾਹਿਤ ਹੈ।
|
Total Views: 17687 |